ਚੰਡੀਗੜ੍ਹ: ਰਾਜ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇਕ ਵਾਰ ਫੇਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ 'ਸਿਆਸੀ ਬੰਬ' ਸੁੱਟਿਆ ਹੈ। ਉਨ੍ਹਾਂ ਕਿਹਾ ਹੈ ਕਿ ਲੱਗਦੈ ਅਸੀਂ ਸਰਕਾਰ ਨਹੀਂ ਚਲਾ ਰਹੇ ਸਿਰਫ਼ ਟਾਈਮ ਪਾਸ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਮੌਕੇ ਕਾਂਗਰਸ ਪਾਰਟੀ ਦਾ ਵਰਕਰ ਬਹੁਤ ਮਯੂਸ ਹੈ ਤੇ ਉਸ ਨੂੰ ਲੱਗਦੈ ਕਿ ਉਸਦੀ ਆਪਣੀ ਹੀ ਸਰਕਾਰ 'ਚ ਸੁਣੀ ਨਹੀਂ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਤੇ ਸੁਰੇਸ਼ ਕੁਮਾਰ ਕੈਪਟਨ ਸਰਕਾਰ ਲਈ ਜਾਗਣ ਦਾ ਸੁਨੇਹਾ ਹਨ। ਕੈਪਟਨ ਨੂੰ ਮਿਲਕੇ ਸਰਕਾਰ ਚਲਾਉਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਸਭ ਤੋਂ ਪਹਿਲਾਂ ਪ੍ਰਤਾਪ ਬਾਜਵਾ ਨੇ ਆਪਣੀ ਹੀ ਸਰਕਾਰ ਦੀ ਆਲੋਚਨਾ ਏਬੀਪੀ ਸਾਂਝਾ ਦੇ ਇੰਟਰਵਿਊ 'ਚ ਕੁਝ ਸਮਾਂ ਪਹਿਲਾਂ ਕੀਤੀ ਸੀ।
ਬਾਜਵਾ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਰੇਤ ਖੱਡ ਮਾਮਲੇ ਨਾਲ ਸਰਕਾਰ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਇਸ ਨੁਕਸਾਨ ਦੀ ਭਰਪਾਈ ਹਾਈਕਮਾਨ ਨੇ ਰਾਣਾ ਦਾ ਅਸਤੀਫਾ ਲੈ ਕੇ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਣਾ ਨੂੰ ਅਸਤੀਫਾ ਪਹਿਲਾਂ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਉਹ ਮੰਤਰੀ ਹਟਾਉਣੇ ਚਾਹੀਦੇ ਹਨ ਜੋ ਵਿਵਾਦਾਂ 'ਚ ਘਿਰੇ ਜਾਂ ਜਿਨ੍ਹਾਂ ਨੇ ਹੁਣ ਤੱਕ ਚੰਗਾ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਸੁਫਨੇ ਮੁਤਾਬਕ ਨਵੇਂ ਚਿਹਰਿਆਂ ਨੂੰ ਮੰਤਰੀ ਮੰਡਲ 'ਚ ਥਾਂ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਸਰਕਾਰ 'ਚ ਕੈਪਟਨ ਵੀ ਪਹਿਲੇ ਵਾਰ ਵਿਧਾਇਕ ਬਣਕੇ ਪਹਿਲੀ ਵਾਰ ਮੰਤਰੀ ਬਣੇ ਸਨ।
ਉਨ੍ਹਾਂ ਕਿਹਾ ਕਿ ਕੈਪਟਨ ਕਹਿ ਰਹੇ ਹਨ ਉਨ੍ਹਾਂ ਬਦਲਾਖੋਰੀ ਦੀ ਸਿਆਸਤ ਨਹੀਂ ਕਰਨੀ ਪਰ ਪੰਜਾਬ ਦੇ ਲੋਕ ਇੰਸਾਫ ਦੀ ਉਮੀਦ ਕਰ ਰਹੇ ਹਨ। ਡਰੱਗ ਮਾਮਲੇ 'ਚ ਬਿਕਰਮ ਮਜੀਠੀਆ ਖ਼ਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਕੈਪਟਨ ਨੂੰ ਆਪਣੇ ਸਲਹਾਕਾਰਾਂ ਤੇ ਓ ਐਸ ਡੀਜ਼ ਦੀ ਫੌਜ 'ਚੋਂ ਬਾਹਰ ਕੇ ਲੋਕਾਂ ਨਾਲ ਤਾਲਮੇਲ ਵਧਾਉਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਕੈਪਟਨ ਨੂੰ ਆਮ ਲੋਕਾਂ,ਕਾਨੂੰਨੀ ਸਲਾਹਕਾਰਾਂ ਤੇ ਪੁਲੀਸ ਨਾਲ ਚੰਗੇ ਕੰਮ ਦਾ ਰਾਬਤਾ ਬਣਾਉਣ ਦੀ ਲੋੜ ਤਾਂ ਹੀ ਸਰਕਾਰ ਚੰਗਾ ਕੰਮ ਕਰ ਸਕਦੀ ਹੈ।ਉਨ੍ਹਾਂ ਕਿਹਾ ਕਿ ਕਿਸਾਨ ਕਰਜ਼ਾ ਮੁਕਤੀ ਦੇ ਮਾਮਲੇ 'ਤੇ ਵੀ ਕਿਸਾਨ ਬਹੁਤ ਖੁਸ਼ ਨਹੀਂ ਹੈ। ਇਹ ਸਕੀਮ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉੱਤਰੀ ਹੈ ਤੇ ਕੈਪਟਨ ਨੂੰ ਸਭ ਅਫਸਰਸ਼ਾਹੀ ਆਸਰੇ ਨਹੀਂ ਛੱਡਣਾ ਚਾਹੀਦਾ ਹੈ।
ਬਾਜਵਾ ਨੇ ਕੈਪਟਨ ਵੱਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ 'ਚ ਕੀਤੀਆਂ ਨਿਯੁਕਤੀਆਂ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਕਹਿ ਰਹੇ ਕਿ ਇਹ ਪਟਿਆਲੇ ਤੋਂ ਹੈ। ਕੋਈ ਉਨ੍ਹਾਂ ਦਾ ਦੋਸਤ ਹੈ। ਕੋਈ ਉਨ੍ਹਾਂ ਦੀ ਰੈਜਮੈਂਟ ਤੋਂ ਹੈ। ਕੀ ਸਾਰੇ ਪਟਿਆਲੇ ਤੋਂ ਹੀ ਰੱਖਣੇ ਹਨ? ਉਨ੍ਹਾਂ ਕਿਹਾ ਕਿ ਕੈਪਟਨ ਪੂਰੇ ਪੰਜਾਬ ਦੇ ਮੁੱਖ ਮੰਤਰੀ ਹਨ ਇਕੱਠੇ ਪੰਜਾਬ ਦੇ ਨਹੀਂ।