ਨਵੀਂ ਦਿੱਲੀ : ਸੰਵਿਧਾਨ ਦੀ ਧਾਰਾ 25 ਵਿਚ ਸੋਧ ਕਰ ਕੇ ਸਿੱਖਾਂ ਨੂੰ ਵੱਖਰੀ ਪਛਾਣ ਦੇਣ ਦੇ ਮਾਮਲੇ 'ਤੇ ਅਕਾਲੀ ਦਲ ਤੇ ਭਾਜਪਾ ਆਹਮੋ ਸਾਹਮਣੇ ਹਨ। ਅਕਾਲੀ ਦਲ ਕੇਂਦਰ ਤੋਂ ਵੱਖਰੀ ਪਛਾਣ ਦੀ ਮੰਗ ਕਰ ਰਿਹਾ ਹੈ ਤੇ ਦੂਜੇ ਪਾਸੇ ਬੀਜੇਪੀ ਪ੍ਰਧਾਨ ਵਿਜੈ ਸਾਂਪਲਾ ਨੇ ਕਿਹਾ ਹੈ ਕਿ ਇਸ ਨਾਲ ਦਲਿਤ ਭਾਈਚਾਰੁ ਦੇ ਰਾਖਵੇਂਕਰਨ 'ਤੇ ਅਸਰ ਪਵੇਗਾ।
ਅੱਜ ਦਿੱਲੀ ਦੇ ਅਕਾਲੀ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜੇਕਰ ਸੰਵਿਧਾਨ ਦੀ ਧਾਰਾ 25 ਵਿਚ ਸੋਧ ਕਰ ਕੇ ਸਿੱਖਾਂ ਨੂੰ ਵੱਖਰੀ ਪਛਾਣ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਅਨੁਸੂਚਿਤ ਜਾਤੀਆਂ ਦੇ ਰਾਖਵੇਂਕਰਨ ਦੀ ਸਥਿਤੀ 'ਤੇ ਕੋਈ ਅਸਰ ਨਹੀਂ ਪਵੇਗਾ।
ਸਿਰਸਾ ਨੇ ਕਿਹਾ ਕਿ ਸਿੱਖ ਧਾਰਾ 25 ਵਿਚ ਸੋਧ ਕਰ ਕੇ ਰਾਖਵੇਂਕਰਨ ਦੀ ਮੰਗ ਕਰ ਰਹੇ ਹਨ ਜਦਕਿ ਰਾਖਵਾਂਕਰਨ ਸੰਵਿਧਾਨ ਦੀ ਧਾਰਾ 15 ਅਤੇ 16ਤਹਿਤ ਪ੍ਰਦਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਰਾਖਵਾਂਕਰਨ ਕਦੇ ਵੀ ਧਰਮ ਦੇ ਆਧਾਰ 'ਤੇ ਪ੍ਰਦਾਨ ਨਹੀਂ ਕੀਤਾ ਗਿਆ ਬਲਕਿ ਇਹ ਜਾਤੀ ਦੇ ਆਧਾਰ 'ਤੇ ਪ੍ਰਦਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਭਾਰਤ ਵਿਚ ਮੁਸਲਿਮ ਤੇ ਇਸਾਈ ਭਾਈਚਾਰੇ ਲਈ ਰਾਖਵਾਂਕਰਨ ਇਸ ਲਈ ਲਾਗੂ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਵਿਚ ਜਾਤੀ ਪ੍ਰਥਾ ਨਹੀਂ ਹੈ।
ਉਹਨਾਂ ਸਵਾਲ ਕੀਤਾ ਕਿ ਜੇਕਰ ਸਿੱਖ ਹਿੰਦੂਆਂ ਤਾਂ ਹਿੱਸਾ ਹਨ ਤਾਂ ਫਿਰ ਇਹਨਾਂ ਲਈ ਰਾਖਵਾਂਕਰਨ ਹਿੰਦੂ ਭਾਈਚਾਰੇ ਦੇ ਨਾਲ ਹੀ ਲਾਗੂ ਕਿਉਂ ਨਹੀਂ ਕੀਤਾ ਗਿਆ ਤੇ ਇਸਦੀ ਬਾਅਦ ਵਿਚ ਵਿਵਸਥਾ ਕਿਉਂ ਕਰਨੀ ਪਈ। ਉਹਨਾਂ ਹੋਰ ਸਵਾਲ ਕੀਤਾ ਕਿ ਜੇਕਰ ਸਿੱਖ ਭਾਈਚਾਰਾ ਵੱਖਰਾ ਨਹੀਂ ਹੈ ਤਾਂ ਫਿਰ ਇਸਨੂੰ ਦੇਸ਼ ਵਿਚ ਘੱਟ ਗਿਣਤੀ ਰੁਤਬਾ ਕਿਉਂ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਘੱਟ ਗਿਣਤੀ ਰੁਤਬਾ ਸਪਸ਼ਟ ਕਰਦਾ ਹੈ ਕਿ ਸਿੱਖਾਂ ਦੀ ਵੱਖਰੀ ਪਛਾਣ ਹੈ ਤੇ ਉਹਨਾਂ ਨੂੰ ਇਸਦਾ ਸੰਵਿਧਾਨਕ ਅਧਿਕਾਰ ਤੇ ਰੁਤਬਾ ਦਿੱਤੇ ਜਾਣ ਦੀ ਜ਼ਰੂਰਤ ਹੈ।