ਬਠਿੰਡਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੱਘ ਵੱਲੋਂ ਬਠਿੰਡਾ ਤੇ ਰੋਪੜ ਥਰਮਲ ਪਲਾਂਟ ਬੰਦ ਕਰਨ ਦਾ ਫੈਸਲਾ ਮਨਪ੍ਰੀਤ ਬਾਦਲ ਲਈ ਸਿਰਦਰਦੀ ਬਣ ਗਿਆ ਹੈ। ਹਾਲ ਇਹ ਹੈ ਕਿ ਉਹ ਆਪਣੇ ਹਮਲੇ ਵਿੱਚ ਕਿਸੇ ਸਮਾਗਮ ਵਿੱਚ ਜਾਣੋਂ ਵੀ ਡਰਨ ਲੱਗੇ ਹਨ। ਇਸ ਫੈਸਲੇ ਮਗਰੋਂ ਥਰਮਲ ਮੁਲਾਜ਼ਮਾਂ ਵੱਲੋਂ ਵਿਢਿਆ ਸੰਘਰਸ਼ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਲਈ ਮੁਸ਼ਕਲਾਂ ਖੜੀਆਂ ਕਰ ਰਿਹਾ ਹੈ। ਅੱਜ ਥਰਮਲ ਮੁਲਾਜ਼ਮਾਂ ਨੇ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਿਸ ਕਾਰਨ ਉਹ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਨਾ ਕਰ ਪਾਏ। ਮਨਪ੍ਰੀਤ ਬਾਦਲ ਨੇ ਆਪਣੇ ਦਫਤਰ ਦੇ ਨੇੜੇ ਹੀ ਪ੍ਰਾਈਵੇਟ ਸਕੂਲ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਸੀ। ਥਰਮਲ ਦੇ ਕੱਚੇ ਤੇ ਪੱਕੇ ਕਾਮਿਆਂ ਨੇ ਦੋਵਾਂ ਗੇਟਾਂ 'ਤੇ ਧਰਨਾ ਲਾ ਦਿੱਤਾ ਜਿਸ ਕਰਕੇ ਵਿੱਤ ਮੰਤਰੀ ਨੂੰ ਸਮਾਗਮ ਵਿੱਚ ਆਉਣ ਦਾ ਪ੍ਰੋਗਰਾਮ ਮੁਲਤਵੀ ਕਰਨਾ ਪਿਆ।
ਦਰਅਸਲ ਜਿਵੇਂ-ਜਿਵੇਂ ਥਰਮਲ ਮੁਲਾਜ਼ਮਾਂ ਦਾ ਸੰਘਰਸ਼ ਤੇਜ਼ ਹੋ ਰਿਹਾ ਹੈ ਤਿਵੇਂ-ਤਿਵੇਂ ਮਨਪ੍ਰੀਤ ਬਾਦਲ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਥਰਮਲ ਮੁਲਾਜ਼ਮਾਂ ਦੇ ਵਿਰੋਧ ਦੇ ਚੱਲਦਿਆਂ ਮਨਪ੍ਰੀਤ ਬਾਦਲ ਨੂੰ ਸ਼ਹਿਰ ਵਿੱਚ ਰੱਖੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਾ ਔਖਾ ਹੋ ਰਿਹਾ ਹੈ। ਮਨਪ੍ਰੀਤ ਬਾਦਲ ਜਿਹੜੇ ਵੀ ਪ੍ਰੋਗਰਾਮ ਵਿੱਚ ਪਹੁੰਚਦੇ ਹਨ, ਥਰਮਲ ਮੁਲਾਜ਼ਮ ਉੱਥੇ ਹੀ ਕਾਲੀਆਂ ਝੰਡੀਆਂ ਲੈ ਕੇ ਪਹੁੰਚ ਜਾਂਦੇ ਹਨ।
ਅੱਜ ਬਠਿੰਡਾ ਵਿੱਛ ਮਨਪ੍ਰੀਤ ਨੇ ਆਪਣੇ ਦਫ਼ਤਰ ਦੇ ਨੇੜੇ ਹੀ ਪ੍ਰਾਈਵੇਟ ਸਕੂਲ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨੀ ਸੀ ਪਰ ਥਰਮਲ ਪਲਾਂਟ ਦੇ ਕੱਚੇ ਤੇ ਪੱਕੇ ਕਾਮੇ ਸਕੂਲ ਦੇ ਦੋਵੇਂ ਗੇਟ ਮੱਲ ਕੇ ਬਹਿ ਗਏ। ਜਿੱਥੇ ਸਕੂਲ ਦੇ ਮੁੱਖ ਗੇਟ ਦੇ ਬਿਲਕੁਲ ਸਾਹਮਣੇ ਪੱਕੇ ਕਾਮੇ ਧਰਨਾ ਲਾ ਕੇ ਰੋਸ ਮੁਜ਼ਾਹਰਾ ਕਰ ਰਹੇ ਸਨ, ਉੱਥੇ ਹੀ ਸਕੂਲ ਦੇ ਪਿਛਲੇ ਪਾਸੇ ਬਣੇ ਛੋਟੇ ਗੇਟ ਬਾਹਰ ਕੱਚੇ ਕਾਮੇ ਬੱਚਿਆਂ ਤੇ ਔਰਤਾਂ ਸਮੇਤ ਡਟੇ ਰਹੇ।
ਅਖੀਰ ਹਾਲਾਤ ਇਹ ਬਣ ਗਏ ਕਿ ਵਿੱਤ ਮੰਤਰੀ ਨੂੰ ਸਕੂਲ ਸਮਾਗਮ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਹੀ ਕੈਂਸਲ ਕਰਨਾ ਪਿਆ। ਦੂਜੇ ਪਾਸੇ ਜਿੱਥੇ ਮਨਪ੍ਰੀਤ ਬਾਦਲ ਮੁਲਾਜ਼ਮਾਂ ਤੋਂ ਲੁੱਕਦੇ-ਛਿਪਦੇ ਨਜ਼ਰ ਆ ਰਹੇ ਹਨ, ਉੱਥੇ ਹੀ ਪੰਜਾਬ ਦੇ ਸਾਬਕਾ ਮੰਤਰੀ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਚਿਰੰਜੀ ਲਾਲ ਗਰਗ ਸਿੱਧੇ ਧਰਨੇ ਵਾਲੀ ਥਾਂ ਹੀ ਪਹੁੰਚ ਗਏ। ਇੰਨਾ ਹੀ ਨਹੀਂ ਉਨ੍ਹਾਂ ਨੇ ਮਾਈਕ ਫੜ ਕੇ ਧਰਨਾਕਾਰੀਆਂ ਨੂੰ ਸੰਬੋਧਨ ਵੀ ਕੀਤਾ ਤੇ ਭਰੋਸਾ ਦਿਵਾਇਆ ਕਿ ਉਹ ਮੁੱਖ ਮੰਤਰੀ ਪੰਜਾਬ ਨੂੰ ਥਰਮਲ ਬੰਦ ਕਰਨ ਦੇ ਮੁੱਦੇ ਬਾਰੇ ਮੁੜ ਵਿਚਾਰ ਕਰਨ ਲਈ ਕਹਿਣਗੇ।