ਅੰਮ੍ਰਿਤਸਰ: ਦੇਸ਼ ਵਿੱਚ 26 ਜਨਵਰੀ ਨੂੰ ਮਨਾਏ ਜਾ ਰਹੇ ਗਣਤੰਤਰ ਦਿਵਸ ਕਰਕੇ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ 'ਤੇ 31 ਜਨਵਰੀ ਤੱਕ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ।  ਹਵਾਈ ਅੱਡੇ ਦੇ ਡਾਇਰੈਕਟਰ ਮਨੋਜ ਸੰਸੋਰੀਆ ਵੱਲੋਂ ਸੀਆਈਐਸਐਫ ਦੇ ਕਮਾਡੈਂਟ ਧਰਮਵੀਰ ਯਾਦਵ ਤੇ ਡਿਪਟੀ ਕਮਾਡੈਂਟ ਅਮਨਦੀਪ ਸਿਰਸਵਾ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਹਵਾਈ ਅੱਡੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਦੀ ਬੈਠਕ ਦੌਰਾਨ 26 ਜਨਵਰੀ ਦੇ ਗਣਤੰਤਰ ਦਿਵਸ ਨੂੰ ਮੁੱਖ ਰੱਖਦਿਆਂ ਰੈੱਡ ਅਲਰਟ ਜਾਰੀ ਕਰਨ ਦਾ ਫੁਰਮਾਨ ਜਾਰੀ ਕਰਦਿਆਂ ਸੁਰੱਖਿਆ ਨੂੰ ਹੋਰ ਤੇਜ਼ ਕਰਨ ਲਈ ਕਿਹਾ ਹੈ।



ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਹਰ ਆਉਣ ਤੇ ਜਾਣ ਵਾਲੀਆਂ ਗੱਡੀਆਂ ਦੀ ਬਰੀਕੀ ਨਾਲ ਜਾਂਚ ਪੜਤਾਲ ਕਰਨ ਲਈ ਹਵਾਈ ਅੱਡੇ 'ਚ ਪ੍ਰਵੇਸ਼ ਕਰਨ ਮੌਕੇ ਬਣੇ ਗੇਟ 'ਤੇ ਸੁਰੱਖਿਆ ਕਰਮਚਾਰੀਆਂ ਦਾ ਵਿਸ਼ੇਸ਼ ਦਸਤਾ ਤਾਇਨਾਤ ਕੀਤਾ ਗਿਆ ਹੈ।



ਹਵਾਈ ਅੱਡੇ ਦੇ ਡਾਇਰੈਕਟਰ ਦੇ ਹੁਕਮਾਂ ਅਨੁਸਾਰ ਹਵਾਈ ਅੱਡੇ ਦੇ ਅੰਦਰ ਬਣੇ ਵੱਡੇ ਯਾਤਰੂ ਹਾਲ 'ਚ ਯਾਤਰੀਆਂ ਤੇ ਰਿਸ਼ਤੇਦਾਰਾਂ ਤੇ ਹੋਰਾਂ ਲਈ 45 ਰੁਪਏ ਦੀ ਟਿਕਟ ਖਰੀਦ ਕੇ ਅੰਦਰ ਪ੍ਰਵੇਸ਼ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਤੇ ਹਾਲ ਦੇ ਬਾਹਰ ਆਵਾਜਾਈ ਵਾਲੀਆਂ ਗੱਡੀਆਂ ਨੂੰ 100 ਮੀਟਰ ਦੀ ਦੂਰੀ ਤੋਂ ਬਾਹਰ ਰੱਖਣ ਲਈ ਸੁਰੱਖਿਆ ਪ੍ਰਬੰਧ ਸ਼ਖਤ ਕਰ ਦਿੱਤੇ ਗਏ।