ਤਰਨ ਤਾਰਨ: ਜ਼ਿਲ਼੍ਹੇ ਦੇ ਪਿੰਡ ਮਰਗਿੰਦਪੁਰਾ 'ਚ ਦਿਓਰ ਨੇ ਦਿਨ-ਦਿਹਾੜੇ ਵਿਧਵਾ ਭਾਬੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਕਤਲ ਦਾ ਮਾਮਲਾ ਜ਼ਮੀਨੀ ਵਿਵਾਦ ਨਾਲ ਜੁੜਿਆ ਹੈ ਤੇ ਪੁਲਿਸ ਫਰਾਰ ਮੁਲਜ਼ਮ ਸਾਹਿਬ ਸਿੰਘ ਦੀ ਭਾਲ ਕਰ ਰਹੀ ਹੈ।
ਦਰਅਸਲ ਸਾਹਿਬ ਸਿੰਘ ਦੇ ਭਰਾ ਰੇਸ਼ਮ ਸਿੰਘ ਦੀ ਮੌਤ ਦੋ ਸਾਲ ਪਹਿਲਾਂ ਹੋ ਗਈ ਸੀ। ਰੇਸ਼ਮ ਨੇ ਰਮਨ ਕੁਮਾਰੀ ਨਾਲ 15 ਸਾਲ ਪਹਿਲਾਂ ਦੂਜਾ ਵਿਆਹ ਕੀਤਾ ਸੀ। ਰੇਸ਼ਮ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਸ ਦੇ ਦੋ ਬੱਚਿਆਂ ਨਾ ਪਾਲਣ ਪੋਸ਼ਣ ਰਮਨ ਕੁਮਾਰੀ ਨੇ ਹੀ ਕੀਤਾ ਸੀ। ਇਸੇ ਤਹਿਤ ਰਮਨ ਕੁਮਾਰੀ ਦੇ ਨਾਂ ਪੰਜ ਮਰਲੇ ਜ਼ਮੀਨ ਹੋਈ ਸੀ ਪਰ ਉਸ ਦਾ ਦਿਓਰ ਸਾਹਿਬ ਸਿੰਘ ਉਸ ਦੇ ਖ਼ਿਲਾਫ ਸੀ।
ਰਮਨ ਕੁਮਾਰੀ ਦੇ ਬੱਚਿਆਂ ਨੇ ਦੱਸਿਆ ਹੈ ਕਿ ਚਾਚਾ ਸਾਡੀ ਮਾਤਾ ਨਾਲ ਲਗਾਤਾਰ ਲੜਦਾ-ਝਗੜਦਾ ਸੀ। ਉਹ ਉਸ 'ਤੇ ਬੁਰੀ ਨਜ਼ਰ ਰੱਖਦਾ ਸੀ। ਹੁਣ ਉਹ ਸਾਡੇ ਘਰ ਆਇਆ ਤੇ ਤੇਜ਼ਧਾਰ ਹਥਿਆਰ ਨਾਲ ਰਮਨ ਕੁਮਾਰੀ 'ਤੇ ਹਮਲਾ ਕਰ ਦਿੱਤਾ। ਇਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।