ਚੰਡੀਗੜ੍ਹ: ਭਗਤ ਕਬੀਰ ਜੈਅੰਤੀ ਦੀ ਛੁੱਟੀ ਪੰਜਾਬ ਸਰਕਾਰ ਤੋਂ ਬਹਾਲ ਕਰਵਾਉਣ ਲਈ ਕਬੀਰ ਪੰਥੀਆਂ ਨੇ ਵੱਖਰਾ ਰਸਤਾ ਚੁਣਿਆ ਹੈ। ਤਿੰਨ ਦਿਨ ਤੋਂ ਭੁੱਖ ਹੜਤਾਲ 'ਤੇ ਬੈਠੇ ਕਬੀਰ ਪੰਥੀਆਂ ਨੇ ਹੁਣ ਅਰੂਸਾ ਆਲਮ ਜ਼ਰੀਏ ਆਪਣੀ ਮੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ।
ਭੁੱਖ ਹੜਤਾਲ 'ਤੇ ਬੈਠੇ ਪ੍ਰਦਰਸ਼ਕਾਰੀਆਂ ਦਾ ਕਹਿਣਾ ਹੈ ਕਿ ਕੈਪਟਨ ਦੀ ਪਾਕਿਸਤਾਨੀ ਮਹਿਲਾ ਮਿੱਤਰ ਨੂੰ ਉਹ ਕੱਲ੍ਹ ਮੰਗ ਪੱਤਰ ਭੇਜ ਕੇ ਮੰਗ ਕਰਨਗੇ ਕਿ ਉਨ੍ਹਾਂ ਦਾ ਮਸਲਾ ਮੁੱਖ ਮੰਤਰੀ ਕੋਲ ਉਠਾਇਆ ਜਾਵੇ। ਉੱਧਰ ਸਿੱਖ ਤਾਲਮੇਲ ਕਮੇਟੀ ਨੇ ਵੀ ਭਗਤ ਕਬੀਰ ਦੀ ਜੈਅੰਤੀ ਮੌਕੇ ਰੱਦ ਕੀਤੀ ਛੁੱਟੀ ਨੂੰ ਬਹਾਲ ਕਰਨ ਦੀ ਮੰਗ ਦਾ ਸਮੱਰਥਨ ਕੀਤਾ ਹੈ।
ਭਗਤ ਕਬੀਰ ਸੰਘਰਸ਼ ਕਮੇਟੀ ਦੇ ਭੁੱਖ ਹੜਤਾਲ 'ਤੇ ਬੈਠੇ ਆਗੂ ਸੁਭਾਸ਼ ਗੋਰੀਆ ਨੇ ਕਿਹਾ ਕਿ ਪਿਛਲੇ ਮਹੀਨੇ ਤੋਂ ਉਹ ਕਈ ਵਾਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਦਾ ਧਿਆਨ ਇਸ ਮਸਲੇ 'ਤੇ ਦਿਵਾਉਣ ਲਈ ਉਹ ਉਨ੍ਹਾਂ ਦੀ ਪਾਕਿਸਤਾਨੀ ਮਹਿਲਾ ਮਿੱਤਰ ਅਰੂਸਾ ਆਲਮ ਦਾ ਸਹਾਰਾ ਲੈਣਗੇ। ਉਨ੍ਹਾਂ ਨੂੰ ਪੱਤਰ ਭੇਜ ਕੇ ਬੇਨਤੀ ਕਰਨਗੇ ਕਿ ਉਨ੍ਹਾਂ ਦਾ ਮੁੱਦਾ ਕੈਪਟਨ ਸਾਹਿਬ ਕੋਲ ਉਠਾਇਆ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਭਗਤ ਕਬੀਰ ਜੈਅੰਤੀ ਦੀ ਛੁੱਟੀ ਰੱਦ ਕਰਕੇ ਉਨ੍ਹਾਂ ਨਾਲ ਵਿਤਕਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ 22 ਲੱਖ ਦੇ ਕਰੀਬ ਕਬੀਰ ਪੰਥੀ ਵੱਸਦੇ ਹਨ ਜੋ ਸਰਕਾਰ ਤੋਂ ਛੁੱਟੀ ਬਹਾਲ ਕਰਨ ਦੀ ਮੰਗ ਕਰ ਰਹੇ ਹਨ। ਉੱਧਰ ਸਿੱਖ ਜਥੇਬੰਦੀਆਂ ਨੇ ਵੀ ਭਗਤ ਕਬੀਰ ਜੈਅੰਤੀ ਦੀ ਛੁੱਟੀ ਬਹਾਲ ਕਰਨ ਦੀ ਮੰਗ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਹੈ।