ਪੰਚਕੂਲਾ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ ਚੱਲ ਰਹੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ ਦੀ ਅਗਲੀ ਸੁਣਵਾਈ 17 ਫਰਵਰੀ ਨੂੰ ਹੋਵੇਗੀ। ਅੱਜ ਪੰਚਕੁਲਾ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਸੁਣਵਾਈ ਹੋਈ।
ਇਸ ਕਤਲ ਮਾਮਲੇ ਵਿੱਚ ਆਖ਼ਰੀ ਪੜਾਅ ਦੀ ਬਹਿਸ ਜਲਦ ਸ਼ੁਰੂ ਹੋਵੇਗੀ ਤੇ ਫੈਸਲਾ ਜਲਦ ਆਉਣ ਦੀ ਉਮੀਦ ਹੈ। ਬਚਾਅ ਪੱਖ ਨੇ ਇਸ ਮਾਮਲੇ ਵਿੱਚ ਤਿੰਨ ਹੋਰ ਗਵਾਹੀਆਂ ਕਰਾਉਣ ਦੀ ਮੰਗ ਕੀਤੀ। ਕਤਲ ਮਾਮਲੇ 'ਚ ਬਚਾਅ ਪੱਖ ਵੱਲੋਂ ਗਵਾਹੀਆਂ ਚੱਲ ਰਹੀਆਂ ਹਨ। ਹੁਣ ਤੱਕ ਇਸ ਮਾਮਲੇ 'ਚ ਸਾਰੇ ਦੋਸ਼ੀ ਕੋਰਟ ਵਿੱਚ ਪੇਸ਼ ਹੋ ਚੁੱਕੇ ਹਨ।
24 ਅਕਤੂਬਰ, 2002 ਨੂੰ ਅਖਬਾਰ 'ਪੂਰਾ ਸੱਚ' ਦੇ ਸੰਪਾਦਕ ਰਾਮਚੰਦਰ ਛਤਰਪਤੀ ਨੂੰ 5 ਗੋਲੀਆਂ ਮਾਰੀਆਂ ਗਈਆਂ ਸਨ। ਇਸ ਤੋਂ ਬਾਅਦ 21 ਨਵੰਬਰ, 2002 ਨੂੰ ਰਾਮਚੰਦਰ ਛਤਰਪਤੀ ਦੀ ਦਿੱਲੀ ਦੇ ਅਪੋਲੋ ਹਸਪਤਾਲ 'ਚ ਮੌਤ ਹੋ ਗਈ ਸੀ। ਕਿਹਾ ਗਿਆ ਕਿ ਆਪਣੇ ਅਖਬਾਰ 'ਚ ਸਾਧਵੀ ਯੌਨ ਸ਼ੋਸ਼ਣ ਦੇ ਮਾਮਲੇ ਦਾ ਮੁੱਦਾ ਉਜਾਗਰ ਕਰਨ 'ਤੇ ਹੀ ਰਾਮਚੰਦਰ ਛਤਰਪਤੀ ਦਾ ਕਤਲ ਕੀਤਾ ਗਿਆ ਸੀ। ਜਨਵਰੀ 2003 'ਚ ਪੱਤਰਕਾਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ।
2003 'ਚ ਹਾਈਕੋਰਟ ਨੇ ਦਿੱਤੇ ਸਨ ਸੀ.ਬੀ.ਆਈ. ਜਾਂਚ ਦੇ ਆਦੇਸ਼ ਪੰਜਾਬ-ਹਰਿਆਣਾ ਹਾਈਕੋਰਟ ਨੇ 2003 'ਚ ਹੀ ਪੱਤਰਕਾਰ ਰਾਮਚੰਦਰ ਛਤਰਪਤੀ ਤੇ ਰਣਜੀਤ ਸਿੰਘ ਦੀ ਹੱਤਿਆ ਦੇ ਸੀ.ਬੀ.ਆਈ. ਜਾਂਚ ਦੇ ਆਦੇਸ਼ ਦਿੱਤੇ ਸਨ। ਜੁਲਾਈ 2007 'ਚ ਸੀ.ਬੀ.ਆਈ. ਨੇ ਇਨ੍ਹਾਂ ਦੋਵਾਂ ਕੇਸਾਂ ਦੀ ਚਾਰਜਸ਼ੀਟ ਦਾਖਲ ਕਰ ਦਿੱਤੀ ਸੀ। ਹੁਣ 10 ਸਾਲ ਬਾਅਦ ਇਨ੍ਹਾਂ ਕੇਸਾਂ 'ਤੇ ਫੈਸਲਾ ਆਉਣ ਦੀ ਉਮੀਦ ਪਰਿਵਾਰ ਵਾਲਿਆਂ ਨੂੰ ਜਾਗੀ ਹੈ।