ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਦੀ ਪ੍ਰਕਿਰਿਆ ਮੁੜ ਸ਼ੁਰੂ ਕਰਨ ਲਈ ਗ਼ਲਤ ਸਲਾਹ ਦਿੱਤੀ ਹੈ, ਬਾਜਵਾ ਨੇ ਕਿਹਾ ਕਿ ਝੋਨੇ ਦੀ ਲਵਾਈ ਦੀ ਪ੍ਰਕਿਰਿਆ ਨੂੰ ਮੁੜ ਸ਼ੁਰੂ ਕਰਨ ਦਾ ਵਿਚਾਰ ਇਸ ਸਮੇਂ ਬਿਲਕੁਲ ਵੀ ਵਿਵਹਾਰਿਕ ਨਹੀਂ ਹੈ ਕਿਉਂਕਿ ਖੇਤ ਅਜੇ ਵੀ ਹੜ੍ਹਾਂ ਦੇ ਪਾਣੀ ਨਾਲ ਭਰੇ ਹੋਏ ਹਨ।


"ਪੰਜਾਬ ਦੇ ਮੁੱਖ ਮੰਤਰੀ ਨੇ ਕਈ ਮੌਕਿਆਂ 'ਤੇ ਦਾਅਵਾ ਕੀਤਾ ਹੈ ਕਿ ਉਹ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ, ਫਿਰ ਵੀ, ਉਨ੍ਹਾਂ ਨੂੰ ਖੇਤੀ ਦੇ ਕੰਮਾਂ-ਕਾਜਾਂ ਦਾ ਡੁੰਗਾਈ ਨਾਲ ਪਤਾ ਨਹੀਂ ਹੈ। ਜੇਕਰ ਅੱਜ ਕਿਸਾਨ ਝੋਨੇ ਪਨੀਰੀ ਬੀਜਦੇ ਹਨ ਤਾਂ ਵੀ ਉਨ੍ਹਾਂ ਨੂੰ ਪਨੀਰੀ ਲਾਉਣ ਲਈ ਤਿਆਰ ਕਰਨ ਲਈ ਕਰੀਬ ਇੱਕ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਇਸ ਲਈ, ਹੁਣ ਇਸ ਸਮੇਂ ਦੁਬਾਰਾ ਸਾਰੀ ਪ੍ਰਕਿਰਿਆ ਵਿੱਚੋਂ ਗੁਜ਼ਰਨ ਬਾਰੇ ਸੋਚਣਾ ਵੀ ਅਵਿਵਹਾਰਕ ਹੈ",


ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ, ਮਾਨ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਖੇਤੀਬਾੜੀ ਮਾਹਿਰ ਨਹੀਂ ਹਨ ਪਰ ਉਨ੍ਹਾਂ ਦੀ ਮੁਹਾਰਤ ਸਿਰਫ਼ ਸਕਿੱਟਾਂ ਦੇ ਖੇਤਰ ਵਿੱਚ ਹੈ। CM ਮਾਨ ਨੂੰ ਬੇਤੁਕੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਅਤੇ ਕਿਸਾਨ ਕਮਿਸ਼ਨ ਦੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਸੀ। 


ਹੜ੍ਹ ਪ੍ਰਭਾਵਿਤ ਖੇਤਰ ਦੇ ਕਿਸਾਨਾਂ ਨੂੰ ਇੱਕ ਵਾਰ ਫਿਰ ਝੋਨੇ ਦੀ ਲਵਾਈ ਲਈ ਪ੍ਰੇਰਿਤ ਕਰਨ ਦੀ ਬਜਾਏ, ਮੁੱਖ ਮੰਤਰੀ ਨੂੰ ਕੁਝ ਉਦਾਰਤਾ ਦਿਖਾਉਣੀ ਚਾਹੀਦੀ ਹੈ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਘੱਟੋ ਘੱਟ 50,000 ਰੁਪਏ ਪ੍ਰਤੀ ਏਕੜ ਦਾ ਰਾਹਤ ਪੈਕੇਜ ਪ੍ਰਦਾਨ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਆਸਾਨੀ ਨਾਲ ਅਗਲੀ ਕਣਕ ਦੀ ਫ਼ਸਲ ਲਈ ਤਿਆਰ ਹੋ ਸਕਣ।


 ਮਜ਼ਦੂਰ ਵਰਗ ਅਤੇ ਹੋਰ ਪਰਿਵਾਰਾਂ, ਜਿਨ੍ਹਾਂ ਦੇ ਘਰ ਨੁਕਸਾਨੇ ਗਏ ਹਨ, ਨੂੰ ਤੁਰੰਤ ਪ੍ਰਭਾਵ ਨਾਲ ਘੱਟੋ ਘੱਟ 5 ਲੱਖ ਰੁਪਏ ਦੀ ਰਾਹਤ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਜਿਸ ਮਾਲਕ ਦੇ ਪਸ਼ੂ ਇਸ ਕੁਦਰਤੀ ਆਫਤ ਵਿਚ ਮਰ ਗਏ ਹਨ, ਉਸ ਨੂੰ ਵੀ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਦਿੱਤੇ ਜਾਣ। ਮ੍ਰਿਤਕਾਂ ਨੂੰ 10 ਲੱਖ ਰੁਪਏ ਅਤੇ ਜ਼ਖਮੀਆਂ ਨੂੰ 5 ਲੱਖ ਰੁਪਏ ਦੀ ਅਨੁਗ੍ਰਹਿ ਰਾਸ਼ੀ ਵੀ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। "