Punjab in Flood : ਪੰਜਾਬ 'ਚ ਅਗਲੇ 2 ਦਿਨਾਂ ਤੱਕ ਸਾਰੇ ਜ਼ਿਲ੍ਹਿਆਂ 'ਚ ਮੀਂਹ ਪਵੇਗਾ। ਮੌਸਮ ਵਿਭਾਗ ਨੇ ਪੂਰੇ ਸੂਬੇ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਹੜ੍ਹ ਕਾਰਨ ਸੂਬੇ 'ਚ 32 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 3 ਲੋਕ ਲਾਪਤਾ ਹਨ।



1,414 ਪਿੰਡਾਂ ਵਿੱਚ ਹੜ੍ਹ ਦਾ ਪਾਣੀ 



ਸਰਕਾਰੀ ਬੁਲਾਰੇ ਅਨੁਸਾਰ ਹੁਣ ਤੱਕ 26 ਹਜ਼ਾਰ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। 148 ਰਾਹਤ ਕੈਂਪਾਂ ਵਿੱਚ 3,731 ਲੋਕ ਰਹਿ ਰਹੇ ਹਨ। 15 ਜ਼ਿਲ੍ਹੇ ਤਰਨਤਾਰਨ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੋਪੜ, ਪਟਿਆਲਾ, ਮੋਗਾ, ਲੁਧਿਆਣਾ, ਮੋਹਾਲੀ, ਨਵਾਂਸ਼ਹਿਰ, ਫਾਜ਼ਿਲਕਾ, ਜਲੰਧਰ, ਕਪੂਰਥਲਾ ਤੇ ਸੰਗਰੂਰ ਹੜ੍ਹਾਂ ਤੋਂ ਪ੍ਰਭਾਵਿਤ ਹਨ। ਉਨ੍ਹਾਂ ਦੇ 1,414 ਪਿੰਡਾਂ ਵਿੱਚ ਹੜ੍ਹ ਦਾ ਪਾਣੀ ਦਾਖ਼ਲ ਹੋ ਗਿਆ ਹੈ।



ਦਿਨ ਪੌਂਗ ਡੈਮ ਵਿੱਚੋਂ ਛੱਡਿਆ ਗਿਆ ਪਾਣੀ



ਦੂਜੇ ਪਾਸੇ ਬੀਤੇ ਦਿਨ ਪੌਂਗ ਡੈਮ ਦੇ 5 ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਜਿਸ ਵਿੱਚੋਂ ਫਿਲਹਾਲ 22700 ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਹ ਪਾਣੀ ਸਿੱਧਾ ਬਿਆਸ ਵਿੱਚ ਆਵੇਗਾ। ਜਿਸ ਕਾਰਨ ਬਿਆਸ ਦੇ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਹੈ। ਬਿਆਸ ਦੇ ਆਸਪਾਸ ਦੇ ਇਲਾਕਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।



ਪੰਜਾਬ ਦੇ ਮਾਝੇ ਵਿੱਚ ਵੀ ਹੁਣ ਹੜ੍ਹਾਂ ਦਾ ਖ਼ਤਰਾ 
ਪੰਜਾਬ ਦੇ ਮਾਝੇ ਵਿੱਚ ਵੀ ਹੁਣ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ। ਪਠਾਨਕੋਟ ਨੇੜੇ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 4 ਮੀਟਰ ਹੇਠਾਂ ਰਹਿ ਗਿਆ ਹੈ। ਡੈਮ ਦਾ ਪਾਣੀ 523 ਮੀਟਰ ਤੱਕ ਪਹੁੰਚ ਗਿਆ ਹੈ। ਜਦਕਿ ਇਸ ਦਾ ਖਤਰੇ ਦਾ ਪੱਧਰ 527 ਮੀਟਰ ਹੈ। ਅਜਿਹੇ 'ਚ ਫਲੱਡ ਗੇਟ ਕਿਸੇ ਵੀ ਸਮੇਂ ਖੁੱਲ੍ਹ ਸਕਦੇ ਹਨ।



ਜੇ ਰਣਜੀਤ ਸਾਗਰ ਡੈਮ ਦਾ ਪਾਣੀ ਛੱਡਿਆ ਜਾਂਦਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਰਾਵੀ ਦੇ ਪਾਣੀ ਦਾ ਪੱਧਰ ਵਧੇਗਾ। ਭਾਵੇਂ ਇਹ ਪਾਣੀ ਸਿੱਧਾ ਪਾਕਿਸਤਾਨ ਪਹੁੰਚ ਜਾਵੇਗਾ, ਪਰ ਇਸ ਤੋਂ ਪਹਿਲਾਂ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਹਾਲਾਤ ਵਿਗੜ ਜਾਣਗੇ।



ਇਸ ਦੇ ਨਾਲ ਹੀ ਸਰਕਾਰ ਨੇ ਅੱਜ ਤੋਂ ਸਕੂਲ ਖੋਲ੍ਹਣ ਦੀਆਂ ਸ਼ਰਤਾਂ ਲਾਗੂ ਦਿੱਤੀਆਂ ਹਨ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਉਨ੍ਹਾਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਬਾਰੇ ਕਿਹਾ ਜਿਨ੍ਹਾਂ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਜਾਂ ਜਿੱਥੇ ਸਕੂਲਾਂ ਵਿੱਚ ਪਾਣੀ ਭਰ ਗਿਆ ਹੈ, ਉਨ੍ਹਾਂ ਦੀ ਛੁੱਟੀ ਦਾ ਫੈਸਲਾ ਜ਼ਿਲ੍ਹੇ ਦੇ ਡੀਸੀ ਕਰਨਗੇ। ਬਾਕੀ ਸਕੂਲ ਅੱਜ ਸਵੇਰ ਤੋਂ ਖੁੱਲ੍ਹਣਗੇ।