ਚੰਡੀਗੜ :  ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਹਾਲ ਹੀ 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਡਾਕਟਰ ਰਾਜ ਕੁਮਾਰ ਚੱਬੇਵਾਲ ਖ਼ਿਲਾਫ਼ ਜਾਅਲੀ ਸਰਕਾਰੀ ਦਸਤਾਵੇਜ਼ ਬਣਾਉਣ ਦੇ ਦੋਸ਼ 'ਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।


ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਡਾ. ਚੱਬੇਵਾਲ ਨੇ 4601 ਪਰਿਵਾਰਾਂ ਨੂੰ ਕਰੋੜਾਂ ਰੁਪਏ ਦੀਆਂ ਸਰਕਾਰੀ ਗ੍ਰਾਂਟਾਂ ਵੰਡਣ ਸਬੰਧੀ ਜਾਅਲੀ ਸਰਕਾਰੀ ਦਸਤਾਵੇਜ਼ ਤਿਆਰ ਕੀਤੇ ਸਨ। 'ਆਪ' ਸਰਕਾਰ ਵੱਲੋਂ ਇਸੇ ਮੁੱਦੇ 'ਤੇ ਵਿਜੀਲੈਂਸ ਜਾਂਚ ਕਰਵਾਈ ਗਈ ਸੀ। ਚੱਬੇਵਾਲ ਜ਼ਮਾਨਤ 'ਤੇ ਸਨ, ਜਿਸ ਦੀ ਮਿਆਦ 18 ਮਾਰਚ ਨੂੰ ਖ਼ਤਮ ਹੋਣੀ ਸੀ।


ਉਸ ਨੂੰ ਉਮੀਦ ਸੀ ਕਿ ਉਸ ਨੂੰ 18 ਮਾਰਚ ਤੋਂ ਬਾਅਦ ਗ੍ਰਿਫਤਾਰ ਕੀਤਾ ਜਾ ਸਕਦਾ ਹੈ, ਇਸ ਲਈ ਉਹ ਆਪਣੀ ਜ਼ਮਾਨਤ ਦੀ ਮਿਆਦ ਖ਼ਤਮ ਹੋਣ ਤੋਂ ਦੋ ਦਿਨ ਪਹਿਲਾਂ 'ਆਪ' ਵਿਚ ਸ਼ਾਮਲ ਹੋ ਗਿਆ। ਉਨ੍ਹਾਂ ਦੇ ਸ਼ਾਮਲ ਹੋਣ ਦੌਰਾਨ 'ਆਪ' ਸਰਕਾਰ ਨੇ ਉਨ੍ਹਾਂ ਦੀ ਜਾਅਲਸਾਜ਼ੀ ਨੂੰ ਜਾਇਜ਼ ਠਹਿਰਾਉਣ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਸੀ। ਬਾਜਵਾ ਨੇ ਕਿਹਾ ਕਿ ਮੈਂ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਵੀ ਉਠਾਵਾਂਗਾ।


ਸੀਨੀਅਰ ਕਾਂਗਰਸੀ ਆਗੂ ਨੇ ਮਾਰੇ ਗਏ ਪੰਜਾਬੀ ਰੈਪਰ ਅਤੇ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਬੇਲੋੜੀ ਪਰੇਸ਼ਾਨੀ ਦੇਣ ਲਈ 'ਆਪ' ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਅਜਿਹੇ ਸਮੇਂ ਜਦੋਂ ਪੂਰਾ ਪੰਜਾਬ ਸਿੱਧੂ ਪਰਿਵਾਰ ਵਿੱਚ ਨਵੇਂ ਮੈਂਬਰ ਦੇ ਆਉਣ ਦਾ ਸਵਾਗਤ ਕਰ ਰਿਹਾ ਹੈ, 'ਆਪ' ਸਰਕਾਰ ਦੇ ਅਧਿਕਾਰੀਆਂ ਨੇ ਬੱਚੇ ਦੇ ਜਨਮ ਦੀ ਕਾਨੂੰਨੀ ਵੈਦਤਾ ਬਾਰੇ ਮੁਸ਼ਕਲ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਹਨ, ਜੋ ਕਿ ਬਹੁਤ ਹੀ ਨਿੰਦਣਯੋਗ ਹੈ।


ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਨਿਰਦੇਸ਼ਾਂ 'ਤੇ ਅਜਿਹਾ ਕਰ ਰਹੇ ਹਨ।


ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵਿਧਾਨ ਸਭਾ ਹਲਕੇ ਦਿੜ੍ਹਬਾ ਵਿੱਚ ਨਾਜਾਇਜ਼ ਸ਼ਰਾਬ ਪੀਣ ਨਾਲ ਲਗਭਗ ਚਾਰ ਲੋਕਾਂ ਦੀ ਮੌਤ ਹੋ ਗਈ ਹੈ।


ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਦੇ ਵਿਧਾਨ ਸਭਾ ਖੇਤਰ 'ਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ? ਬਾਜਵਾ ਨੇ ਕਿਹਾ ਕਿ ਚੀਮਾ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਤੁਰੰਤ ਪ੍ਰਭਾਵ ਨਾਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।