ਚੰਡੀਗੜ੍ਹ: ਬਾਦਲ ਪਰਿਵਾਰ ਦੇ ਹਰਿਆਣਾ ਸਥਿਤ ਬਾਲਾਸਰ ਫਾਰਮ ਹਾਊਸ ਵਿੱਚ ਡਾਕਾ ਵੱਜਾ ਹੈ। ਇਹ ਡਾਕਾ ਕਿਨੂੰਆਂ 'ਤੇ ਪਿਆ ਹੈ। ਹਰਿਆਣਾ ਪੁਲਿਸ ਨੇ ਧਾਰਾ 379 ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਚੋਰੀ ਦਾ ਪਤਾ ਲੱਗਣ ਮਗਰੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਬਾਲਾਸਰ ਫਾਰਮ ਹਾਊਸ ’ਤੇ ਪਹੁੰਚ ਗਏ।
ਪੁਲਿਸ ਮੁਤਾਬਕ ਕਿੰਨੂ ਚੋਰ ਅਮਰਜੀਤ ਸਿੰਘ ਵਾਸੀ ਸਬਜ਼ੀ ਮੰਡੀ ਸਿਰਸਾ ਤੇ ਰਘੂਨਾਥ ਕੰਬੋਜ ਵਾਸੀ ਰਣੀਆ ਖ਼ਿਲਾਫ਼ ਐਫਆਈਆਰ ਨੰਬਰ 398 ਤਹਿਤ ਕੇਸ ਦਰਜ ਕੀਤਾ ਗਿਆ। ਹਰਿਆਣਾ ਪੁਲਿਸ ਨੇ ਪਤਾ ਲੱਗਦੇ ਹੀ ਦੋਵਾਂ ਕਿੰਨੂ ਚੋਰਾਂ ਨੂੰ ਛੋਟੇ ਹਾਥੀ ਨੰਬਰ ਐਚ.ਆਰ 55 ਪੀ 1138 ਸਮੇਤ ਕਾਬੂ ਕਰ ਲਿਆ, ਜਿਸ ਵਿੱਚ ਕਰੀਬ 50 ਕਰੇਟ ਕਿੰਨੂ ਲੋਡ ਕੀਤੇ ਹੋਏ ਸਨ। ਇਨ੍ਹਾਂ ਕਿੰਨੂਆਂ ਦੀ ਕੀਮਤ ਕਰੀਬ 16,200 ਰੁਪਏ ਦੱਸੀ ਜਾ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਬਾਦਲ ਪਰਿਵਾਰ ਦੇ ਬਾਲਾਸਰ ਫਾਰਮ ਹਾਊਸ ਵਿੱਚ ਕਰੀਬ 100 ਏਕੜ ਕਿੰਨੂਆਂ ਦਾ ਬਾਗ ਹੈ। ਹੁਣ ਫ਼ਸਲ ਪੱਕੀ ਹੋਈ ਹੈ। ਫਾਰਮ ਹਾਊਸ ਵਿੱਚ ਕਿੰਨੂਆਂ ਦੀ ਰਾਖੀ ਲਈ ਰਖਵਾਲੇ ਵੀ ਰੱਖੇ ਹੋਏ ਹਨ। ਫਾਰਮ ਹਾਊਸ ਦਾ ਮੈਨੇਜਰ ਰਾਤ ਸਮੇਂ ਜਦੋਂ ਫਾਰਮ ਹਾਊਸ ਦਾ ਗੇੜਾ ਮਾਰ ਰਿਹਾ ਸੀ ਤਾਂ ਉਸ ਦੀ ਨਜ਼ਰ ਛੋਟੇ ਹਾਥੀ ਉੱਤੇ ਪਈ ਜਿਸ ਵਿੱਚ ਕਿੰਨੂ ਲੋਡ ਕੀਤੇ ਹੋਏ ਸਨ।