ਸ਼੍ਰੋਮਣੀ ਕਮੇਟੀ ਤੇ ਸਰਕਾਰਾਂ ਜੋ ਨਾ ਕਰ ਸਕੀਆਂ, ਸੀਚੇਵਾਲ ਨੇ ਕਰ ਵਿਖਾਇਆ!
ਏਬੀਪੀ ਸਾਂਝਾ | 24 Jul 2018 03:17 PM (IST)
ਜਲੰਧਰ: ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਵਿੱਚ ਕਾਲੀ ਵੇਈ ਦੇ ਕੰਡੇ ਗਿਆਨ ਪ੍ਰਾਪਤ ਹੋਇਆ ਸੀ। ਇਸੇ ਕਾਲੀ ਵੇਈ ਦੀ ਸਾਰ ਨਾ ਤਾਂ ਕਿਸੇ ਸਰਕਾਰ ਤੇ ਨਾ ਹੀ ਸਿੱਖਾਂ ਦੀ ਸੰਸਥਾ ਸ਼੍ਰੋਮਣੀ ਕਮੇਟੀ ਲਈ। ਇਸ ਨੂੰ ਸਾਫ ਕਰਨ ਦਾ ਕੰਮ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਤਾ ਹੈ। 18 ਸਾਲ ਪਹਿਲਾਂ ਉਨ੍ਹਾਂ ਇਸ ਦੀ ਸਫਾਈ ਸ਼ੁਰੂ ਕੀਤੀ ਸੀ। ਸੀਚੇਵਾਲ ਨੇ 160 ਕਿਲੋਮੀਟਰ ਦੀ ਕਾਲੀ ਵੇਈ ਨੂੰ ਸਾਫ ਕੀਤਾ ਹੈ। ਸੀਚੇਵਾਲ ਨੇ ਦੱਸਿਆ ਕਿ ਅਗਲੇ ਸਾਲ ਸੁਲਤਾਨਪੁਰ ਲੋਧੀ ਵਿੱਚ ਹੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਹਾੜਾ ਮਨਾਇਆ ਜਾਵੇਗਾ। ਇਸ ਕੰਮ ਨੂੰ ਸੂਬਾ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੇਖੇਗੀ। ਉਨ੍ਹਾਂ ਨੇ ਆਪਣੇ ਪੱਧਰ 'ਤੇ ਇੱਥੇ ਕੰਮ ਸ਼ੁਰੂ ਕਰਵਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਕਾਲੀ ਵੇਈ ਵਿੱਚ ਕਈ ਥਾਈਂ ਲੋਕ ਗੰਦਾ ਪਾਣੀ ਸੁੱਟਦੇ ਹਨ। ਉਨ੍ਹਾਂ ਨੇ ਕਾਲੀ ਵੇਈ ਸੁਲਤਾਨਪੁਰ ਲੋਧੀ ਵਿੱਚ ਪੈਂਦੇ ਹਿੱਸੇ ਦੀ ਦਿੱਖ ਹੀ ਬਦਲ ਦਿੱਤੀ ਹੈ। ਸੀਚੇਵਾਲ ਨੇ ਕਿਹਾ ਕਿ ਬਾਬਾ ਨਾਨਕ ਦੇ 550ਵੇਂ ਜਨਮ ਦਿਹਾੜੇ 'ਤੇ ਸੀਚੇਵਾਲ ਆਉਣ ਵਾਲੇ ਲੋਕਾਂ ਲਈ ਪਿੰਡਾਂ ਵਿੱਚ ਹੀ ਰਹਿਣ ਦਾ ਬੰਦੋਬਸਤ ਕੀਤਾ ਜਾਵੇਗਾ। ਇਸ ਵਾਸਤੇ ਵੈਬਸਾਈਟ ਬਣਾਈ ਜਾ ਰਹੀ ਹੈ। ਲੋਕ ਆਉਣ ਤੋਂ ਪਹਿਲਾਂ ਹੀ ਰਹਿਣ ਦੀ ਥਾਂ ਬੁੱਕ ਕਰ ਲਿਆ ਕਰਨਗੇ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਤੱਕ ਸਾਰੇ ਸੁਲਤਾਨਪੁਰ ਲੋਧੀ ਵਿੱਚ ਮੌਦੇ ਲਾਏ ਜਾਣਗੇ। ਹੈਰਾਨੀ ਦੀ ਗੱਲ ਹੈ ਕਿ ਸੀਚੇਵਾਲ ਪਿੰਡ ਦੇ ਸੀਵਰੇਜ ਮਾਡਲ ਨੂੰ ਵੇਖਣ ਦਿੱਲੀ ਦੇ ਮੁੱਖ ਮੰਤਰੀ ਤੋਂ ਇਲਾਵਾ ਹਰਿਆਣਾ ਤੇ ਬਿਹਾਰ ਦੇ ਮੁੱਖ ਮੰਤਰੀ ਵੀ ਆ ਚੁੱਕੇ ਹਨ ਪਰ ਪੰਜਾਬ ਦਾ ਕੋਈ ਮੁੱਖ ਮੰਤਰੀ ਇਸ ਮਾਡਲ ਨੂੰ ਵੇਖਣ ਨਹੀਂ ਆਇਆ। ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਵੀ ਸੀਚੇਵਾਲ ਮਾਡਲ ਵੇਖਣ ਆਏ ਸੀ।