ਲੁਧਿਆਣਾ: ਸ਼ਹਿਰ ਦੇ ਕੁਝ ਨੌਜਵਾਨਾਂ ਵੱਲੋਂ ਸ਼ਰਾਬ ਪੀਣ ਸਮੇਂ ਸਿੱਖ ਧਰਮ ਦੀ ਰਹਿਤ ਮਰਿਆਦਾ ਦਾ ਮਖੌਲ ਬਣਾਉਣ ਵਾਲੇ ਨੌਜਵਾਨ ਬੁਰੇ ਫਸ ਗਏ ਹਨ। ਬੇਸ਼ੱਕ, ਨੌਜਵਾਨਾਂ ਨੇ ਆਪਣੇ ਕੀਤੇ 'ਤੇ ਪਛਤਾਵਾ ਜ਼ਾਹਰ ਕਰਦਿਆਂ ਮੁਆਫੀ ਵੀ ਮੰਗੀ ਹੈ ਪਰ ਸਿੱਖ ਜਥੇਬੰਦੀਆਂ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਬਲਜੀਤ ਸਿੰਘ ਦਾਦੂਵਾਲ ਤੇ ਅੰਮ੍ਰਿਤ ਸਿੰਘ ਅਜਨਾਲਾ ਦੀ ਅਗਵਾਈ ਵਿੱਚ ਹੋਈ ਇਕੱਤਰਤਾ 'ਚ ਪੁਲਿਸ ਨੂੰ ਨੌਜਵਾਨਾਂ ਖ਼ਿਲਾਫ਼ ਕਾਰਵਾਈ ਕਰਨ ਦਾ ਅਲਟੀਮੇਟਮ ਦਿੱਤਾ ਹੈ। ਸਿੱਖ ਲੀਡਰਾਂ ਨੇ ਕਿਹਾ ਹੈ ਕਿ ਉਹ ਪੁਲਿਸ ਪ੍ਰਸ਼ਾਸਨ ਨੂੰ 14 ਜੁਲਾਈ ਤਕ ਦਾ ਸਮਾਂ ਦੇ ਰਹੇ ਹਨ ਅਤੇ ਉਹ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ।

ਹਾਲਾਂਕਿ, ਮਾਮਲੇ ਵਿਚ ਪੁਲਿਸ ਦੋ ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ, ਪਰ ਮੁਤਵਾਜ਼ੀ ਜਥੇਦਾਰ ਦਾ ਕਹਿਣਾ ਹੈ ਕਿ ਜੇਕਰ 14 ਜੁਲਾਈ ਤਕ ਪੁਲਿਸ ਨੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਸਿੱਖ ਜਥੇਬੰਦੀਆਂ ਅਗਲੀ ਰਣਨੀਤੀ ਬਣਾਉਣਗੀਆਂ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨੌਜਵਾਨਾਂ ਵੱਲੋਂ ਸ਼ਰਾਬ ਨੂੰ ਵੱਡੇ ਬਰਤਨ ਵਿੱਚ ਪਾ ਕੇ ਪੀਣ ਸਮੇਂ ਜੈਕਾਰੇ ਬੁਲਾਉਣ ਅਤੇ ਇਸ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਦੇ ਸਮਾਨ ਦੱਸਣ 'ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਦੋ ਮੁਲਜ਼ਮ ਗ੍ਰਿਫ਼ਤਾਰ ਹੋ ਚੁੱਕੇ ਹਨ, ਜਦੋਂ ਕਿ 11 ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।