Lok Sabha Election: ਪੰਥਕ ਆਗੂ ਬਲਜੀਤ ਸਿੰਘ ਦਾਦੂਵਾਲ  ਨੇ ਫ਼ਰੀਦਕੋਟ ਹਲਕੇ ਦੇ ਵੋਟਰਾਂ ਨੂੰ ਸਰਬਜੀਤ ਸਿੰਘ ਖਾਲਸਾ ਤੇ ਖਡੂਰ ਸਾਹਿਬ ਹਲਕੇ ਦੇ ਨਿਵਾਸੀਆਂ ਨੂੰ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਫ਼ਤਵਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਵੀ ਕਿਹਾ ਕਿ ਉਹ ਫ਼ਰੀਦਕੋਟ ਤੋਂ ਆਪਣੇ ਉਮੀਦਵਾਰ ਨੂੰ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ’ਚ ਪਾਸੇ ਹਟਾ ਲਵੇ।


ਇਸ ਦੇ ਨਾਲ ਹੀ ਦਾਦੂਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦੀ ਅਪੀਲ ਕੀਤੀ। ਉਨ੍ਹਾਂ ਵੋਟਰਾਂ ਨੂੰ ਸੱਦਾ ਦਿੱਤਾ ਕਿ ਜਿਹੜਾ ਵੀ ਉਮੀਦਵਾਰ ਹਰਸਿਮਰਤ ਨੂੰ ਹਰਾ ਸਕਦਾ ਹੈ, ਉਸ ਨੂੰ ਵੋਟ ਪਾ ਦੇਣ ਪਰ ਬਾਦਲ ਪਰਿਵਾਰ ਨੂੰ ਇਸ ਚੋਣ ਵਿੱਚ ਹਰ ਹਾਲ ਸ਼ਿਕਸਤ ਮਿਲਣੀ ਇਸ ਲਈ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਨੇ ਪੰਜਾਬ ਤੇ ਪੰਥ ਨਾਲ ਧਰੋਹ ਕਮਾਇਆ ਹੈ। 


ਇਹ ਵੀ ਪੜ੍ਹੋ: Lok Sabha Election 2024: ਖਡੂਰ ਸਾਹਿਬ 'ਚ ਫਸ ਗਏ ਕੁੰਢੀਆਂ ਦੇ ਸਿੰਗ! ਭਾਈ ਅੰਮ੍ਰਿਤਪਾਲ ਸਿੰਘ ਨੇ ਬਦਲੇ ਚੋਣ ਸਮੀਕਰਨ


ਬਠਿੰਡਾ ਵਿੱਚ ਸੋਮਵਾਰ ਨੂੰ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਾਦੂਵਾਲ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਹੋਈ ਬੇਅਦਬੀਆਂ ਤੇ ਬਹਿਬਲ ਗੋਲੀ ਕਾਂਡ ਲਈ ਅਕਾਲੀਆਂ ਦੀ ਭੂਮਿਕਾ ਸਿੱਖ ਵਿਰੋਧੀ ਸੀ। ਉਨ੍ਹਾਂ ਡੇਰਾ ਸਿਰਸਾ ਦੇ ਮੁਖੀ ਨਾਲ ਬਾਦਲ ਪਰਿਵਾਰ ਦੀ ਨੇੜਤਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਸਿਰਫ ‘ਮਗਰਮੱਛ ਦੇ ਹੰਝੂ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਕਦਮ-ਕਦਮ ’ਤੇ ਸਿੱਖਾਂ ਨਾਲ ਵਿਸ਼ਵਾਸਘਾਤ ਕੀਤਾ ਹੈ। 


ਦੱਸ ਦਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਆਉਣ ਨਾਲ ਖਡੂਰ ਸਾਹਿਬ ਦੀ ਚੋਣ ਲੜਾਈ ਬਹੁ-ਪੱਖੀ ਬਣ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਬਣਾਇਆ ਹੈ। ਆਮ ਆਦਮੀ ਪਾਰਟੀ ਨੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ 'ਤੇ ਆਪਣਾ ਦਾਅ ਖੇਡਿਆ ਹੈ। ਕਾਂਗਰਸ ਨੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਭਾਜਪਾ ਨੇ ਮਨਜੀਤ ਸਿੰਘ ਮੰਨਾ ਨੂੰ ਉਮੀਦਵਾਰ ਬਣਾਇਆ ਹੈ। ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ।


ਇਹ ਵੀ ਪੜ੍ਹੋ: Lok Sabha Election 2024: ਦੁਕਾਨਦਾਰ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਡਟੇ, ਚੋਣ ਲੜਨ ਮਗਰੋਂ ਬਦਲਣ ਲੱਗੇ ਹਾਲਾਤ