ਚੰਡੀਗੜ੍ਹ: ਅਕਾਲੀ ਦਲ ਵੱਲੋਂ ਲਾਏ ਇਲਜ਼ਾਮਾਂ ਤੋਂ ਬਾਅਦ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰੈੱਸ ਕਾਨਫ਼ਰੰਸ ਦੌਰਾਨ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ 'ਤੇ ਜੰਮ ਕੇ ਵਰ੍ਹੇ। ਦਾਦੂਵਾਲ ਨੇ ਸੁਖਬੀਰ ਬਾਦਲ ਨੂੰ ਬੇਅਦਬੀ ਮਾਮਲਿਆਂ 'ਚ ਨਾਂ ਆਉਣ 'ਤੇ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਮਾਫੀ ਮੰਗਣ ਲਈ ਕਿਹਾ।


ਉਨ੍ਹਾਂ ਕਿਹਾ ਕਿ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਦੇ 10 ਸਾਲਾਂ ਦੇ ਰਾਜ ਦੌਰਾਨ ਪੰਜਾਬ ਨੂੰ ਲੁੱਟਿਆ ਗਿਆ ਹੈ ਤੇ ਭ੍ਰਿਸ਼ਟਚਾਰ ਨਾਲ ਅਰਬਾਂ ਰੁਪਏ ਦੀ ਜਾਇਦਾਦ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਹੋਟਲਾਂ ਤੋਂ ਲੈ ਕੇ ਲਗਜ਼ਰੀ ਕਾਰਾਂ ਤੇ ਹੈਲੀਕਾਪਟਰਾਂ ਦੇ ਮਾਲਕ ਕਿਵੇਂ ਬਣ ਗਏ? ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਦਾਦੂਵਾਲ ਨੇ ਕਿਹਾ ਕਿ ਜਥੇਦਾਰ ਗੁਰਬਚਨ ਸਿੰਘ ਦੀ ਵੀ ਜਾਂਚ ਹੋਣੀ ਚਾਹੀਦੀ ਜੋ ਇੱਕ ਬਰਛਾ ਫੜ ਕੇ ਸੇਵਦਾਰ ਵਜੋਂ ਭਰਤੀ ਹੋਇਆ ਸੀ, ਅੱਜ ਕਿਵੇਂ ਮੁਕਤਸਰ ਸ਼ਹਿਰ ਵਿੱਚ ਤਿੰਨ ਤਾਰਾ ਹੋਟਲ ਦਾ ਮਾਲਕ ਬਣ ਗਿਆ?


ਦਾਦੂਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਮੇਰੇ ਖ਼ਾਤੇ ਵਿੱਚ 16 ਕਰੋੜ ਦੀ ਐਂਟਰੀ ਆਈਐਸਆਈ ਵੱਲੋਂ ਕਰਵਾਉਣ ਦੀ ਗੱਲ ਕਰਦੇ ਹਨ ਜਦਕਿ ਮੇਰੇ ਖਾਤੇ ਵਿੱਚ ਉਹ ਇੱਕ ਕਰੋੜ ਦੀ ਐਂਟਰੀ ਹੀ ਲੱਭ ਦੇਣ। ਉਨ੍ਹਾਂ ਕਿਹਾ ਕਿ ਬਾਦਲ ਪਹਿਲਾਂ ਵੀ ਉਸ ਦੇ ਖ਼ਾਤੇ ਸੀਲ ਕਰਵਾ ਚੁੱਕੇ ਹਨ ਜਿਨ੍ਹਾਂ ਨੂੰ ਅਦਾਲਤ ਰਾਹੀਂ ਖੁੱਲ੍ਹਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਇਨ੍ਹਾਂ ਇਲਜ਼ਾਮਾਂ ਲਈ ਸ੍ਰੀ ਅਕਾਲੀ ਤਖ਼ਤ ਸਾਹਿਬ ਪੇਸ਼ ਹੋ ਕੇ ਮਾਫੀ ਮੰਗਣ।