Sidhu Moose Wala: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹਰ ਐਤਵਾਰ ਆਪਣੇ ਘਰ ਵਿੱਚ ਸ਼ੁੱਭਦੀਪ ਸਿੰਘ(ਸਿੱਧੂ ਮੂਸੇਵਾਲਾ) ਦੇ ਚਾਹੁਣ ਵਾਲਿਆਂ ਦੇ ਮੁਖਾਤਬ ਹੁੰਦੇ ਹਨ। ਇਸ ਮੌਕੇ ਬਲਕੌਰ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਜੰਮੀ ਪਾਰਟੀ (ਆਪ) ਦਾ ਅੰਤ ਵੀ ਸੋਸ਼ਲ ਮੀਡੀਆ ਹੀ ਕਰੇਗਾ ਕਿਉਂਕਿ ਹੁਣ ਲੋਕ ਜਾਗਰੁਕ ਹੋ ਚੁੱਕੇ ਹਨ।
ਸਰਕਾਰ ਦੇ ਮੰਤਰੀ ਜ਼ਖ਼ਮਾਂ 'ਤੇ ਛਿੜਕ ਰਹੇ ਨੇ ਲੂਣ
ਬਲਕੌਰ ਸਿੰਘ ਨੇ ਕਿਹਾ ਕਿ ਪੁੱਤ ਦਾ ਕਤਲ ਹੋਏ ਨੂੰ 1 ਸਾਲ ਬੀਤ ਗਿਆ ਹੈ ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ, ਸਰਕਾਰ ਦੇ ਮੰਤਰੀ ਉਨ੍ਹਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਬੇਟੇ ਦੇ ਇਨਸਾਫ਼ ਨੂੰ ਲੈ ਕੇ ਸਰਕਾਰ ਦੇ ਚੱਕਰ ਲਾ ਚੁੱਕੇ ਹਨ, ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਹੈ। ਇਸ ਮੌਕੇ ਉਨ੍ਹਾਂ ਵੱਲੋਂ ਜਲੰਧਰ ਵਿੱਚ ਮੂਸੇਵਾਲ ਦੇ ਇਨਸਾਫ਼ ਲਈ ਜੋ ਮਾਰਚ ਕੀਤਾ ਗਿਆ ਸੀ ਉਸ ਵਿੱਚ ਲੋਕਾਂ ਦੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਕਦੋਂ ਵੀ ਆ ਕੇ ਕਰ ਲੈਣ ਖੁੱਲ੍ਹੀ ਡਿਬੇਟ
ਬਲਕੌਰ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਦੇ ਮੰਤਰੀ ਮੀਤ ਹੇਅਰ ਕਹਿੰਦੇ ਹਨ ਕਿ ਲੰਬੇ ਸਮੇਂ ਤੋਂ ਕਤਲ ਹੋ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਨਹੀਂ ਕੀਤੇ। ਉਨ੍ਹਾਂ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਤੁਹਾਡੀ ਜ਼ਿੰਮੇਵਾਰੀ ਹੈ ਇਸ ਨੂੰ ਕਿਉਂ ਨਹੀਂ ਰੋਕ ਰਹੇ, ਸਗੋਂ ਅਜਿਹੇ ਬੇਤੁਕੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਹਰਪਾਲ ਚੀਮਾ ਦੇ ਬਿਆਨ (ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਸਿਆਸਤ ਕਰ ਰਹੇ ਹਨ) ਦੇ ਜਵਾਬ ਵਿੱਚ ਕਿਹਾ ਕਿ ਜਿਸ ਦੇ ਪੁੱਤ ਦਾ ਦਿਨ ਦਿਹਾੜੇ ਕਤਲ ਹੋ ਜਾਵੇ ਉਹ ਕਿੰਝ ਸਿਆਸਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖਮੰਤਰੀ ਤੇ ਦਿੱਲੀ ਦੇ ਮੁੱਖ ਮੰਤਰੀ ਉਨ੍ਹਾਂ ਦੇ ਸਾਹਮਣੇ ਆ ਕੇ ਡਿਬੇਟ ਕਰਨਾ ਤਾ ਪਤਾ ਲੱਗ ਜਾਵੇਗਾ ਕਿ ਕੌਣ ਸਹੀ ਤੇ ਕੌਣ ਗ਼ਲਤ ?
ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉਣ ਦੀ ਅਪੀਲ
ਉੱਥੇ ਹੀ ਬਲਕੌਰ ਸਿੰਘ ਨੇ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ 1 ਸਾਲ ਬਾਅਦ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਸਰਕਾਰ ਨੰਗਲ ਅੰਬੀਆਂ ਦੀ ਪਤਨੀ ਤੋਂ ਵੀਡੀਓ ਪਵਾ ਕੇ ਸਰਕਾਰ ਦਾ ਧੰਨਵਾਦ ਕਰਵਾ ਰਹੀ ਹੈ। ਸਰਕਾਰ ਇਸ ਨੂੰ ਲੈ ਕੇ ਸਿਆਸੀ ਸਟੰਟ ਕਰ ਰਹੀ ਹੈ। ਜਲੰਧਰ ਦੇ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉਣ ਅਤੇ ਦੂਜੀਆਂ ਪਾਰਟੀਆਂ ਨੂੰ ਜਾਂ ਨੋਟਾ ਨੂੰ ਵੋਟ ਦੇਣ ਤਾਂ ਜੋ ਉਨ੍ਹਾਂ ਨੂੰ ਆਪਣੀਆਂ ਨਾਕਾਮੀਆਂ ਬਾਰੇ ਪਤਾ ਲੱਗ ਸਕੇ।