Jalandhar by election: ਜਲੰਧਰ ਜ਼ਿਮਨੀ ਚੋਣ ਵਿੱਚ ਸਿਰਫ ਤਿੰਨ ਦਿਨ ਬਾਕੀ ਰਹਿ ਗਏ ਹਨ। ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਲਈ ਆਪਣੀ ਪਾਰੀ ਤਾਕਤ ਝੋਕ ਦਿੱਤੀ ਹੈ। ਸੱਤਾਧਿਰ ਆਮ ਆਦਮੀ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਨੇ ਖੁਦ ਜਲੰਧਰ ਆ ਕੇ ਕਮਾਨ ਸੰਭਾਲੀ ਹੋਈ ਹੈ। ਚੋਣ ਪ੍ਰਚਾਰ ਤੋਂ ਉਤਸ਼ਾਹਤ ਹੋ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਜਲੰਧਰ ਵਾਸੀ ‘ਆਪ’ ਨੂੰ ਇਕਤਰਫਾ ਜਿੱਤ ਦੇ ਕੇ ਇਤਿਹਾਸ ਸਿਰਜਣਗੇ।


ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਜਲੰਧਰ ਜ਼ਿਮਨੀ ਚੋਣ ਲਈ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਸ਼ਹਿਰ ਦੇ ਵੱਖ-ਵੱਖ ਹਲਕਿਆਂ (ਉੱਤਰੀ, ਪੱਛਮੀ, ਸੈਂਟਰਲ ਤੇ ਕੈਂਟ) 'ਚ ਚੋਣ ਪ੍ਰਚਾਰ ਕੀਤਾ...ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਲੰਧਰ ਦੇ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਤੇ ਮੈਨੂੰ ਉਮੀਦ ਹੈ ਕਿ ਇਸ ਵਾਰ ਜਲੰਧਰ ਵਾਸੀ ‘ਆਪ’ ਨੂੰ ਇਕਤਰਫਾ ਜਿੱਤ ਦੇਕੇ ਇਤਿਹਾਸ ਸਿਰਜਣਗੇ...।


ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਇਸ ਜ਼ਿਮਨੀ ਚੋਣ ਲਈ ਹੁਣ ਤੱਕ ਕਾਂਗਰਸ ਦੇ ਕਿਸੇ ਵੀ ਕੇਂਦਰੀ ਆਗੂ ਵੱਲੋਂ ਚੋਣ ਪ੍ਰਚਾਰ ਨਹੀਂ ਕੀਤਾ ਗਿਆ ਹੈ, ਜਿਸ ਨਾਲ ਇਹ ਸਾਬਤ ਹੋ ਜਾਂਦਾ ਹੈ ਕਿ ਕਾਂਗਰਸ ਨੂੰ ਇਸ ਸੀਟ ਦੀ ਲੋੜ ਨਹੀਂ, ਜਦਕਿ ਭਾਜਪਾ ਨੂੰ ਇਸ ਸੀਟ ਨਾਲ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਉਨ੍ਹਾਂ ਪੰਜਾਬ ਨੂੰ ਹਮੇਸ਼ਾਂ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸੇ ਕਾਰਨ ਕਰਕੇ ਉਹ ਜਲੰਧਰ ਜ਼ਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਦੇ ਹੱਕ ਵਿੱਚ ਭੁਗਤ ਕੇ ‘ਆਪ’ ਨੂੰ ਇੱਕ ਹੋਰ ਮੌਕਾ ਦੇਣ।


ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਦੇ ਪਿਮਸ ਹਸਪਤਾਲ ਦਾ ਪ੍ਰਬੰਧ ਪੰਜਾਬ ਸਰਕਾਰ ਆਪਣੇ ਹੱਥਾਂ ਵਿੱਚ ਲਵੇਗੀ ਤੇ ਬਿਹਤਰ ਢੰਗ ਨਾਲ ਇਸ ਹਸਪਤਾਲ ਨੂੰ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹਸਪਤਾਲ ਨੂੰ ਨੋਟਿਸ ਵੀ ਭੇਜ ਦਿੱਤਾ ਗਿਆ ਹੈ। 


ਭਗਵੰਤ ਮਾਨ ਨੇ ਕਿਹਾ ਕਿ ਖੇਡਾਂ ਦਾ ਸਾਮਾਨ ਬਣਾਉਣ ਵਿੱਚ ਜਲੰਧਰ ਸ਼ਹਿਰ ਦਾ ਨਾਂ ਦੁਨੀਆ ਭਰ ਮਸ਼ਹੂਰ ਰਿਹਾ ਹੈ। ਇਸੇ ਤਹਿਤ ਫਰਾਂਸ ਵਿੱਚ ਨਵੰਬਰ 2023 ਵਿੱਚ ਹੋਣ ਵਾਲੀ ਰਗਬੀ ਖੇਡ ਲਈ 2 ਲੱਖ ਬਾਲਾਂ ਵੀ ਇਥੇ ਹੀ ਤਿਆਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਜਲੰਧਰ ਦੇ ਵਸਨੀਕ ਉਨ੍ਹਾਂ ਦਾ ਸਾਥ ਦੇਣਗੇ ਤਾਂ ਉਹ ਇਸ ਸ਼ਹਿਰ ਨੂੰ ਮੁੰਦਰੀ ਦੇ ਨਗ ਵਾਂਗ ਚਮਕਾ ਕੇ ਰੱਖਣਗੇ।