ਚੰਡੀਗੜ੍ਹ/ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਸਿੱਧੂ ਦੇ ਪਿੰਡ ਮੂਸੇ ਵਿਖੇ ਉਨ੍ਹਾਂ ਦੀ ਸਮਾਧ 'ਤੇ ਪੰਜਾਬ ਸਰਕਾਰ ਖਿਲਾਫ ਆਪਣਾ ਰੋਸ ਪ੍ਰਗਟ ਕੀਤਾ।ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਹੀ ਨਹੀਂ ਮਰਿਆ ਪੰਜਾਬ ਦੀ ਬੁਲੰਦ ਅਵਾਜ਼, ਇੱਕ ਕਲਮ, ਇੱਕ ਸਿੱਖ ਚਿਹਰੇ ਦਾ ਕਤਲ ਹੋ ਗਿਆ ਹੈ ਪਰ ਸਰਕਾਰਾਂ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ। 



ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਉਸ ਨੂੰ ਵੀ ਮਾਰਿਆ ਜਾਵੇ ਪਰ ਉਹ ਬੋਲਣਾ ਬੰਦ ਨਹੀਂ ਕਰੇਗਾ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਲਾਰੇਂਸ ਬਿਸ਼ਨੋਈ ਵਰਗੇ ਗੈਂਗਸਟਰ ਨੂੰ ਸੁਰੱਖਿਆ ਕਿਉਂ ਦੇ ਰਹੀ ਹੈ, ਜਿਸ ਵਿਰੁੱਧ 60 ਤੋਂ ਵੱਧ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਰਕਾਰਾਂ ਤੋਂ ਕੋਈ ਉਮੀਦ ਨਜ਼ਰ ਨਹੀਂ ਆ ਰਹੀ, ਜਦੋਂ ਤੱਕ ਪੰਜਾਬ ਦੇ ਲੋਕ ਅਤੇ ਸਿੱਧੂ ਦੇ ਚਹੇਤੇ ਇਕਜੁੱਟ ਹਨ, ਉਨ੍ਹਾਂ ਦੀ ਆਵਾਜ਼ ਨੂੰ ਕਦੇ ਮਾਰਿਆ ਨਹੀਂ ਜਾ ਸਕਦਾ।



ਬਲਕੌਰ ਸਿੰਘ ਨੇ ਕਿਹਾ ਕਿ ਉਹ ਸਰਕਾਰ ਤੋਂ ਪੁੱਛਦੇ ਹਨ ਕਿ ਲਾਰੈਂਸ ਬਿਸ਼ਨੋਈ ਨਾਲ ਆਮ ਆਦਮੀ ਵਰਗਾ ਸਲੂਕ ਕਿਉਂ ਨਹੀਂ ਕੀਤਾ ਜਾ ਰਿਹਾ, ਜਿਸ ਤਰ੍ਹਾਂ ਉਹ ਆਪਣੇ ਬੇਟੇ ਦੇ ਕਤਲ ਕੇਸ ਵਿਚ ਗਵਾਹੀ ਦੇਣ ਲਈ ਇਕੱਲੇ ਜਾਣਗੇ, ਉਸੇ ਤਰ੍ਹਾਂ ਲਾਰੈਂਸ ਵਰਗੇ ਗੈਂਗਸਟਰਾਂ ਨੂੰ ਇਕੱਲਿਆਂ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਗੈਂਗਸਟਰਾਂ ਨੂੰ ਇੰਨੀ ਸੁਰੱਖਿਆ ਅਤੇ ਉਨ੍ਹਾਂ ਦੇ ਬ੍ਰਾਂਡੇਡ ਕੱਪੜਿਆਂ ਨਾਲ ਦੇਖਦੇ ਹਨ ਤਾਂ ਉਨ੍ਹਾਂ ਨੂੰ ਵੀ ਇਸ ਤਰ੍ਹਾਂ ਦੇ ਬਣਨ ਦੀ ਇੱਛਾ ਹੁੰਦੀ ਹੈ। ਇਸੇ ਕਰਕੇ ਗੈਂਗਸਟਰਾਂ ਦੀ ਗਿਣਤੀ ਵਧ ਰਹੀ ਹੈ।


ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਗੈਂਗਸਟਰ ਕਲਚਰ ਖਤਮ ਹੋਣਾ ਚਾਹੀਦਾ ਹੈ, ਤਾਂ ਜੋ ਮਸ਼ਹੂਰ ਹੋਣ ਲਈ ਕਿਸੇ ਦਾ ਪੁੱਤ ਨਾ ਮਾਰਿਆ ਜਾਵੇ। ਸਿੱਧੂ ਮੂਸੇਵਾਲਾ ਨੂੰ ਜ਼ੁਲਮ ਕਰਨ ਵਾਲੇ ਗਾਇਕਾਂ ਦੀ ਬਾਂਹ ਫੜਨੀ ਪਈ। ਉਨ੍ਹਾਂ ਕਿਹਾ ਕਿ ਸਿੱਧੂ ਦੇ ਜਾਣ ਨਾਲ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ। ਇਸ ਦੌਰਾਨ ਲੜਕੀਆਂ ਅਤੇ ਔਰਤਾਂ ਨੇ ਸਿੱਧੂ ਮੂਸੇਵਾਲਾ ਦੇ ਬੁੱਤ 'ਤੇ ਰੱਖੜੀ ਵੀ ਬੰਨ੍ਹੀ।