ਅੱਤਵਾਦੀਆਂ ਨਾਲ ਲੋਹਾ ਲੈਣ ਵਾਲੇ ਬਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ, ਸਰਕਾਰ ਨੇ ਦਿੱਤਾ ਸੀ ਸ਼ੌਰਿਆ ਚੱਕਰ
ਏਬੀਪੀ ਸਾਂਝਾ | 16 Oct 2020 11:01 AM (IST)
ਕਾਮਰੇਡ ਦੀ ਜ਼ਿੰਦਗੀ 'ਤੇ ਕਈ ਟੈਲੀ ਫਿਲਮਾਂ ਵੀ ਬਣੀਆਂ ਸੀ। ਉਨ੍ਹਾਂ ਦੇ ਕਤਲ ਪਿੱਛੇ ਪਰਿਵਾਰ ਨੂੰ ਸ਼ੱਕ ਹੈ ਕਿ ਇਹ ਹਮਲਾ ਅੱਤਵਾਦੀ ਹੋ ਸਕਦਾ ਹੈ।
ਤਰਨ ਤਾਰਨ: ਪੰਜਾਬ 'ਚ ਕਾਲੇ ਦੌਰ ਦੌਰਾਨ ਅੱਤਵਾਦੀਆਂ ਨਾਲ ਬਹਾਦਰੀ ਨਾਲ ਲੜਨ ਵਾਲੇ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦਾ ਅੱਜ ਸਵੇਰੇ ਉਨ੍ਹਾਂ ਦੇ ਘਰ ਕਤਲ ਕਰ ਦਿੱਤਾ ਗਿਆ। ਹਾਸਲ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਤਰਨ ਤਾਰਨ ਦੇ ਭਿੱਖੀਵਿੰਡ ਵਿਖੇ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੰਜਾਬ ਵਿੱਚ ਅੱਤਵਾਦ ਦੇ ਦੌਰ ਦੌਰਾਨ ਕਾਮਰੇਡ ਬਲਵਿੰਦਰ ਸਿੰਘ ਨੇ ਬਹਾਦਰੀ ਨਾਲ ਅੱਤਵਾਦੀਆਂ ਦਾ ਮੁਕਾਬਲਾ ਕੀਤਾ ਜਿਸ ਕਰਕੇ ਕਾਮਰੇਡ ਬਲਵਿੰਦਰ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਕਾਮਰੇਡ ਬਲਵਿੰਦਰ ਸਿੰਘ ਸਵੇਰੇ ਸਾਢੇ ਸੱਤ ਵਜੇ ਘਰ 'ਚ ਸੀ। ਇਸ ਦੌਰਾਨ ਕੁਝ ਅਣਪਛਾਤੇ ਲੋਕ ਘਰ ਵਿੱਚ ਆਏ ਤੇ ਇਨ੍ਹਾਂ ਵਿਅਕਤੀਆਂ ਨੇ ਅਚਾਨਕ ਕਾਮਰੇਡ ਬਲਵਿੰਦਰ ਸਿੰਘ ’ਤੇ ਪਿਸਤੌਲਾਂ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਅਜੇ ਇਹ ਨਹੀਂ ਦੱਸ ਪਾ ਰਹੀ ਕਿ ਹਮਲਾ ਕੋਈ ਅੱਤਵਾਦੀ ਸੀ ਜਾਂ ਇਸ 'ਚ ਕਿਸੇ ਹੋਰ ਦਾ ਹੱਥ ਹੈ। ਉਨ੍ਹਾਂ ਦੀ ਸੁਰੱਖਿਆ ਕੁਝ ਸਮਾਂ ਪਹਿਲਾਂ ਵਾਪਸ ਲੈ ਲਈ ਗਈ ਸੀ ਜਿਸ ਦਾ ਵਿਰੋਧ ਕਾਮਰੇਡ ਬਲਵਿੰਦਰ ਸਿੰਘ ਨੇ ਕੀਤਾ ਸੀ। ਘਟਨਾ ਦੀ ਜਾਣਕਾਰੀ ਮਿਲਣ ਦੇ ਬਾਵਜੂਦ ਪੁਲਿਸ ਅੱਧਾ ਘੰਟਾ ਦੇਰ ਨਾਲ ਪਹੁੰਚੀ, ਹਾਲਾਂਕਿ ਘਟਨਾ ਵਾਲੀ ਥਾਂ ਨੇੜੇ ਥਾਣਾ ਭਿੱਖੀਵਿੰਡ ਹੈ। ਬਾਅਦ ਵਿੱਚ ਡੀਐਸਪੀ ਰਾਜਬੀਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਮਰੇਡ ਬਲਵਿੰਦਰ ਸਿੰਘ 'ਤੇ ਤਕਰੀਬਨ 20 ਵਾਰ ਹਮਲਾ ਕੀਤਾ ਜਾ ਚੁੱਕਿਆ ਹੈ ਤੇ ਹਰ ਵਾਰ ਬਲਵਿੰਦਰ ਸਿੰਘ ਨੇ ਅੱਤਵਾਦੀਆਂ ਨੂੰ ਲੋਹੇ ਚਣੇ ਚਬਵਾਏ। ਉਨ੍ਹਾਂ ਨੇ ਹੈਂਡ ਗ੍ਰੇਨੇਡ ਤੇ ਰਾਕੇਟ ਲਾਂਚਰਾਂ ਨਾਲ ਹਮਲਾ ਕਰਨ ਵਾਲੇ ਕਈ ਮਸ਼ਹੂਰ ਅੱਤਵਾਦੀਆਂ ਨੂੰ ਮਾਰਿਆ ਸੀ। 1993 ਵਿੱਚ ਬਲਵਿੰਦਰ ਸਿੰਘ ਭਿੱਖੀਵਿੰਡ, ਉਸ ਦੇ ਭਰਾ ਅਤੇ ਦੋਵਾਂ ਦੀਆਂ ਪਤਨੀਆਂ ਨੂੰ ਰਾਸ਼ਟਰਪਤੀ ਨੇ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904