ਬੰਬੀਹਾ ਗਰੁੱਪ ਦਾ ਗੈਂਗਸਟਰ ਸੁਰਿੰਦਰ ਪਾਲ ਬਿੱਲਾ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਗੈਂਗਸਟਰ ਸੁਰਿੰਦਰ ਪਾਲ ਉਰਫ਼ ਬਿੱਲੇ 'ਤੇ ਕਈ ਮਾਮਲੇ ਦਰਜ ਹਨ। ਫਰੀਦਕੋਟ ਪੁਲਿਸ ਨੇ ਸੁਰਿੰਦਰ ਬਿੱਲੇ ਨੂੰ 5 ਦਿਨ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਸੀ। ਐਨਕਾਉਂਟਰ ਦੌਰਾਨ ਗੈਂਗਸਟਰ ਸੁਰਿੰਦਰ ਪਾਲ ਬਿੱਲਾ ਜ਼ਖਮੀ ਹੋ ਗਿਆ ਸੀ ਜਿਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਤੋਂ ਹੀ ਪੁਲਿਸ ਨੂੰ ਚਕਮਾ ਦੇ ਕੇ ਗੈਂਗਸਟਰ ਸੁਰਿੰਦਰ ਪਾਲ ਉਰਫ਼ ਬਿੱਲਾ ਫਰਾਰ ਹੋ ਗਿਆ।
ਫਰੀਦਕੋਟ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਕਿਉਂਕਿ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਬੰਦਾ ਹੈ। 10 ਜੁਲਾਈ ਨੂੰ ਗੈਂਗਸਟਰ ਸੁਰਿੰਦਰ ਪਾਲ ਉਰਫ਼ ਬਿੱਲੇ ਨੂੰ ਫਰੀਦਕੋਰਟ ਪੁਲਿਸ ਨੇ ਵਪਾਰੀਆਂ ਨੂੰ ਧਮਕੀਆਂ ਦੇ ਕੇ ਫਿਰੌਤੀ ਵਸੂਲਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਦੌਰਾਨ ਗੈਂਗਸਟਰਾਂ ਅਤੇ ਸੀ.ਆਈ.ਏ. ਸਟਾਫ਼ ਵਿਚਾਲੇ ਮੁੱਠਭੇੜ ਹੋਈ ਸੀ। ਇਸ ਦੌਰਾਨ ਗੈਂਗਸਟਰ ਸੁਰਿੰਦਰ ਪਾਲ ਉਰਫ਼ ਬਿੱਲਾ ਜ਼ਖਮੀ ਹੋ ਗਿਆ ਸੀ। ਜਿਸ ਦਾ ਇਲਾਜ ਫਰੀਦਕੋਟ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਸੀ।
ਬੰਬੀਹਾ ਗੈਂਗ ਦਾ ਗੁਰਗਾ ਸੁਰਿੰਦਰ ਪਾਲ ਬਿੱਲਾ ਹਸਪਤਾਲ ਤੋਂ ਫ਼ਰਾਰ
10 ਤੇ 11 ਜੁਲਾਈ ਨੂੰ ਦੇਰ ਰਾਤ ਲਾਰੈਂਸ ਬਿਸ਼ਨੋਈ ਦੀ ਸਿਹਤ ਵਿਗੜ ਗਈ ਸੀ। ਇਸ ਤੋਂ ਬਾਅਦ ਜੇਲ੍ਹ ਹਸਪਤਾਲ ਵੱਲੋਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਦੇਰ ਰਾਤ ਉਸ ਨੂੰ ਸੁਰੱਖਿਆ ਘੇਰੇ ਹੇਠ ਹਸਪਤਾਲ ਲਿਜਾਇਆ ਗਿਆ। ਲਾਰੈਂਸ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਪੁਲਿਸ ਖ਼ਤਰਾ ਨਹੀਂ ਉਠਾਉਣਾ ਚਾਹੁੰਦੀ ਤੇ ਸਿਰਫ਼ ਚੋਣਵੇਂ ਲੋਕਾਂ ਨੂੰ ਹੀ ਉਸ ਦੇ ਆਲੇ-ਦੁਆਲੇ ਆਉਣ ਦੀ ਇਜਾਜ਼ਤ ਦਿੱਤੀ ਗਈ।
ਦੱਸ ਦਈਏ ਕਿ ਲਾਰੈਂਸ ਨੂੰ ਪਿਛਲੇ ਮਹੀਨੇ ਹੀ ਦਿੱਲੀ ਤੋਂ ਬਠਿੰਡਾ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ। ਐਨਆਈਏ ਤੇ ਫਿਰ ਗੁਜਰਾਤ ਪੁਲਿਸ ਉਸ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਸੀ। ਦਿੱਲੀ ਵਿਚ ਰਹਿੰਦਿਆਂ ਹੀ ਉਸ ਨੂੰ ਮਾਰਨ ਦੀ ਧਮਕੀ ਮਿਲੀ। ਇਸ ਤੋਂ ਬਾਅਦ ਦਿੱਲੀ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਮੁੜ ਪੰਜਾਬ ਦੀ ਬਠਿੰਡਾ ਜੇਲ੍ਹ ਭੇਜਣ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ।