ਜਲੰਧਰ: ਦੇਸ਼ ਦੇ ਕੋਆਪ੍ਰੇਟਿਵ ਬੈਂਕਾਂ ਵਿੱਚ ਪੰਜ ਸੌ ਤੇ ਇੱਕ ਹਜ਼ਾਰ ਦੇ ਨੋਟਾਂ ਦਾ ਲੈਣ-ਦੇਣ ਬੰਦ ਕੀਤੇ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਲ ਵਿੱਚ ਰਿਜ਼ਰਵ ਬੈਂਕ ਨੇ 14 ਨਵੰਬਰ ਨੂੰ ਆਦੇਸ਼ ਜਾਰੀ ਕਰਕੇ ਦੇਸ਼ ਭਰ ਦੇ ਕੋਆਪ੍ਰੇਟਿਵ ਬੈਂਕਾਂ ਵਿੱਚ ਪੰਜ ਸੌ ਤੇ ਇੱਕ ਹਜ਼ਾਰ ਦੇ ਨੋਟਾਂ ਦਾ ਲੈਣ-ਦੇਣ ਬੰਦ ਕਰ ਦਿੱਤਾ ਸੀ।
ਰਿਜ਼ਰਵ ਬੈਂਕ ਦੇ ਇਸ ਆਦੇਸ਼ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲਿਆ। ਲੋਕ ਬੈਂਕਾਂ ਵਿੱਚ ਪੁਰਾਣੀ ਕਰੰਸੀ ਜਮ੍ਹਾਂ ਕਰਵਾਉਣ ਲਈ ਆ ਰਹੇ ਹਨ ਪਰ ਬੈਂਕ ਕਰਮੀ ਪੈਸੇ ਲੈਣ ਤੋਂ ਇਨਕਾਰ ਕਰ ਰਹੇ ਹਨ। ਗਾਹਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖਾਤਿਆਂ ਵਿੱਚੋਂ ਵੀ ਪੈਸੇ ਨਹੀਂ ਮਿਲ ਰਹੇ, ਕਿਉਂਕਿ ਬੈਂਕ ਵਿੱਚ ਕੈਸ਼ ਨਾ ਹੋਣ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ ਜਾ ਰਹੇ।
ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੈਂਕ ਵਾਲੇ ਆਪਣੇ ਪੈਸੇ ਵੀ ਨਹੀਂ ਦੇ ਰਹੇ। ਜਲੰਧਰ ਦੇ ਦੁਕਾਨਦਾਰ ਰਾਜੀਵ ਕੁਮਾਰ ਨੇ ਦੱਸਿਆ ਕਿ ਉਸ ਦੇ ਘਰ 24 ਨਵੰਬਰ ਨੂੰ ਭਤੀਜੀ ਦਾ ਵਿਆਹ ਹੈ। ਇਸ ਕਰਕੇ ਪੈਸੇ ਦੀ ਲੋੜ ਹੈ ਪਰ ਬੈਂਕ ਵਾਲੇ ਪੈਸੇ ਨਹੀਂ ਦੇ ਰਹੇ ਕਿਉਂਕਿ ਬੈਂਕ ਵਿੱਚ ਕੈਸ਼ ਹੀ ਨਹੀਂ ਹੈ।
ਇਸ ਤੋਂ ਇਲਾਵਾ ਜਲੰਧਰ ਦੇ ਕੁਝ ਹੋਰ ਕਾਰੋਬਾਰੀਆਂ ਨੂੰ ਵੀ ਅਜਿਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਦ ਰਹੇ ਕਿ ਕੋਆਪ੍ਰੇਟਿਵ ਬੈਂਕਾਂ ਦੀਆਂ ਪੰਜਾਬ ਵਿੱਚ 800 ਬ੍ਰਾਂਚਾਂ ਹਨ ਤੇ ਇਨ੍ਹਾਂ ਵਿੱਚੋਂ 80 ਫ਼ੀਸਦੀ ਪਿੰਡਾਂ ਵਿੱਚ ਹਨ। ਇਨ੍ਹਾਂ ਬੈਂਕਾਂ ਤੋਂ ਕਿਸਾਨ ਕਰਜ਼ਾ ਵੀ ਲੈਂਦੇ ਹਨ। ਬੈਂਕ ਕਰਮੀਆਂ ਦਾ ਕਹਿਣਾ ਹੈ ਕਿ ਉਹ ਆਦੇਸ਼ ਦੇ ਚੱਲਦੇ ਹੋਏ ਕਿਸਾਨਾਂ ਤੋਂ ਕਰਜ਼ਾ ਵੀ ਨਹੀਂ ਵਸੂਲ ਪਾ ਰਹੇ।