ਤਰਨ ਤਾਰਨ: ਇੱਥੋਂ ਦੀ ਨਗਰ ਕੌਂਸਲ ਦੇ ਉਪ ਪ੍ਰਧਾਨ ਦੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ।

ਹਾਸਲ ਜਾਣਕਾਰੀ ਅਨੁਸਾਰ ਤਰਨ ਤਾਰਨ ਨਗਰ ਕੌਂਸਲ ਦੀ ਉਪ ਪ੍ਰਧਾਨ ਰੇਣੂ ਬਾਲਾ ਤੇ ਉਸ ਦੇ ਪਤੀ ਮਹੰਤ ਬਲਵੀਰ ਸਿੰਘ ਨੇ ਆਪਣੇ ਘਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਰੱਖੇ ਹੋਏ ਸਨ। ਲੋਕਾਂ ਅਨੁਸਾਰ ਰੇਣੂ ਬਾਲਾ ਨੇ ਪਾਵਨ ਸਰੂਪ ਦੀ ਬੇਅਦਬੀ ਕੀਤੀ ਹੈ।

ਇਸ ਗੱਲ ਦਾ ਪਤਾ ਲੱਗਣ ਉੱਤੇ ਲੋਕ ਉਨ੍ਹਾਂ ਦੇ ਘਰ ਦੇ ਅੱਗੇ ਇਕੱਠੇ ਹੋ ਗਏ। ਹਾਲਤ ਨਾਜ਼ੁਕ ਹੁੰਦੀ ਵੇਖ ਪੁਲਿਸ ਵੀ ਮੌਕੇ ਉੱਤੇ ਪਹੁੰਚ ਗਈ। ਲੋਕਾਂ ਨੂੰ ਨਾਲ ਲੈ ਕੇ ਜਦੋਂ ਪੁਲਿਸ ਰੇਣੂ ਬਾਲਾ ਦੇ ਘਰ ਵਿੱਚ ਦਾਖਲ ਹੋਈ ਤਾਂ ਅਲਮਾਰੀ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਪਾਵਨ ਸਰੂਪ ਮਿਲੇ।

ਦੋਵਾਂ ਸਰੂਪ ਦੀ ਹਾਲਤ ਕਾਫ਼ੀ ਖ਼ਰਾਬ ਸੀ। ਇਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਗਿਆਨੀ ਨਿਰਮਲ ਸਿੰਘ ਮੌਕੇ ਉੱਤੇ ਪਹੁੰਚੇ ਤੇ ਉਨ੍ਹਾਂ ਦੋਵਾਂ ਸਰੂਪ ਨੂੰ ਸ਼੍ਰੀ ਦਰਬਾਰ ਸਾਹਿਬ ਪਹੁੰਚਾਇਆ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।