ਚੰਡੀਗੜ੍ਹ: ਬਰਗਾੜੀ ਇਨਸਾਫ਼ ਮੋਰਚੇ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧਾ ਆਢਾ ਲੈਣ ਕਰਕੇ ਸ਼੍ਰੋਮਣੀ ਅਕਾਲੀ ਦਲ ਕਸੂਤਾ ਘਿਰ ਗਿਆ ਹੈ। ਅਕਾਲੀ ਦਲ ਹੁਣ ਤੱਕ ਇਨਸਾਫ਼ ਮੋਰਚੇ ਉਪਰ ਕਾਂਗਰਸ ਨਾਲ ਮਿਲੀਭੁਗਤ ਦੇ ਇਲਜ਼ਾਮ ਲਾਉਂਦਾ ਆ ਰਿਹਾ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਸੀ ਕਿ ਇਨਸਾਫ਼ ਮੋਰਚੇ ਦੇ ਲੀਡਰਾਂ ਤੇ ਕਾਂਗਰਸੀ ਮੰਤਰੀਆਂ ਨੇ ਇਕੱਠੇ ਬੈਠ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤਿਆਰ ਕੀਤੀ ਹੈ।   ਅਕਾਲੀ ਦਲ ਦੇ ਇਨ੍ਹਾਂ ਦਾਅਵਿਆਂ 'ਤੇ ਉਸ ਵੇਲੇ ਸਵਾਲੀਆ ਨਿਸ਼ਾਨ ਲੱਗ ਗਿਆ ਜਦੋਂ ਇਨਸਾਫ਼ ਮੋਰਚੇ ਦੇ ਲੀਡਰ ਜਥੇਦਾਰ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੰਦਿਆਂ ਮੋਤੀ ਮਹਿਲ ਵੱਲ਼ ਧਾਵਾ ਬੋਲਣ ਦਾ ਐਲਾਨ ਕਰ ਦਿੱਤਾ। ਇਨਸਾਫ਼ ਮੋਰਚੇ ਦੇ ਲੀਡਰਾਂ ਨੇ ਆਖਿਆ ਕਿ ਕੈਪਟਨ, ਬਾਦਲਾਂ ਨਾਲ ਦੋਸਤਾਨਾ ਮੈਚ ਬੰਦ ਕਰ ਦੇਣ’, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸਿੱਖ ਸੰਗਤ ਵੱਲੋਂ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਆਖਿਆ ਇੰਜ ਜਾਪ ਰਿਹਾ ਹੈ, ਜਿਵੇਂ ਮੌਜੂਦਾ ਮੁੱਖ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਬੇਅਦਬੀ ਦੇ ਮਾਮਲੇ ਵਿੱਚ ਦੋਸਤਾਨਾ ਮੈਚ ਖੇਡ ਰਹੇ ਹੋਣ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਦੀ ਬੇਅਦਬੀ ਦਾ ਮਸਲਾ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਇਸ ਲਈ ਸੰਗਤ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਆਖਿਆ ਕਿ ਇਸ ਮਸਲੇ ਨੂੰ ਰੈਲੀਆਂ ਕਰਕੇ ਰੋਲਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਜਥੇਦਾਰ ਮੰਡ ਨੇ ਸਪਸ਼ਟ ਕੀਤਾ ਕਿ ਬਰਗਾੜੀ ਵਿੱਚ ਇਨਸਾਫ਼ ਮੋਰਚਾ ਉਦੋਂ ਤੱਕ ਸਮਾਪਤ ਨਹੀਂ ਪਵੇਗਾ ਜਦੋਂ ਤੱਕ ਇਨਸਾਫ਼ ਨਹੀਂ ਮਿਲ ਜਾਂਦਾ। ਉਨ੍ਹਾਂ ਆਖਿਆ ਕਿ ਮਾਮਲੇ ਦੀ ਜਾਂਚ ਭਾਵੇਂ ਕੋਈ ਏਜੰਸੀ ਕਰੇ, ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਪਰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ। ਬੇਅਦਬੀ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਜ਼ਮਾਨਤ ਮਿਲਣ ਬਾਰੇ ਪੰਥਕ ਆਗੂਆਂ ਨੇ ਆਖਿਆ ਇਸ ਮਾਮਲੇ ਵਿੱਚ ਕੈਪਟਨ-ਬਾਦਲ ਦੀ ਦੋਸਤੀ ਤੇ ਕੇਂਦਰ ਸਰਕਾਰ ਕਾਰਨ ਇਹ ਸਭ ਕੁਝ ਹੋਇਆ ਹੈ। ਉਨ੍ਹਾਂ ਸੁਖਬੀਰ ਬਾਦਲ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਆਖਿਆ ਕਿ ਮੋਰਚੇ ਵਿੱਚ ਸ਼ਾਮਲ ਹੋਣ ਵਾਲੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੇ ਏਜੰਟ ਨਹੀਂ ਬਲਕਿ ਭਾਰਤੀ ਲੋਕ ਹਨ, ਜੋ ਆਪਣੇ ਗੁਰੂ ਦੀ ਬੇਅਦਬੀ ਸਬੰਧੀ ਇਨਸਾਫ਼ ਲਈ ਬਰਗਾੜੀ ਮੰਡੀ ਵਿੱਚ ਧਰਨੇ ’ਤੇ ਬੈਠੇ ਹਨ। ਜਥੇਦਾਰ ਮੰਡ ਨੇ ਕਿਹਾ ਕਿ ਉਨ੍ਹਾਂ ਉਪਰ ਜਿਹੜੇ ਫ਼ੰਡਾਂ ਦੀ ਹੇਰਾ-ਫ਼ੇਰੀ ਦੇ ਦੋਸ਼ ਲਾਏ ਜਾ ਰਹੇ ਹਨ, ਉਹ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬਠਿੰਡਾ ਵਿੱਚ ਜ਼ਮੀਨ ਬਾਰੇ ਜਿਹੜੀ ਗੱਲ ਉੱਠੀ ਹੈ, ਉਹ ਜ਼ਮੀਨ ਕਈ ਸਾਲ ਪਹਿਲਾਂ ਖ਼ਰੀਦੀ ਸੀ ਪਰ ਉਸ ਦੀ ਰਜਿਸਟਰੀ ਹੁਣ ਕਰਵਾਈ ਕਰਵਾਈ ਹੈ।