ਫਰੀਦਕੋਟ: ਬਰਗਾੜੀ ਇਨਸਾਫ ਮੋਰਚੇ ਦੇ ਲੀਡਰ ਦੋਫਾੜ ਹੋ ਗਏ ਹਨ। ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ‘ਇਨਸਾਫ਼ ਮੋਰਚਾ’ ਜਾਰੀ ਰਹਿਣ ਦਾ ਐਲਾਨ ਕਰਦਿਆਂ 8 ਜਨਵਰੀ ਨੂੰ ਪਿੰਡ ਰਣਸੀਂਹ ਕਲਾਂ ਵਿੱਚ ‘ਪੰਥਕ ਕਨਵੈਨਸ਼ਨ’ ਬੁਲਾ ਲਈਹੈ। ਉਨ੍ਹਾਂ ਨੇ ਨਿਆਂ ਪਸੰਦ ਸੰਸਥਾਵਾਂ ਤੇ ਸ਼ਖਸੀਅਤਾਂ ਨੂੰ ਕਨਵੈਨਸ਼ਨ ਵਿੱਚ ਆਉਣ ਲਈ ਅਪੀਲ ਕੀਤੀ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਬਰਗਾੜੀ ਦੇ ਗੁਰਦੁਆਰੇ ਵਿੱਚ ਵਿਸ਼ੇਸ਼ ਇਕੱਠ ਦੌਰਾਨ ਜਥੇਦਾਰ ਧਿਆਨ ਸਿੰਘ ਮੰਡ ਖ਼ਿਲਾਫ਼ ਵੀ ਖੂਬ ਭੜਾਸ ਕੱਢੀ।


ਜਥੇਦਾਰ ਦਾਦੂਵਾਲ ਨੇ ਕਿਹਾ ਕਿ ਬਰਗਾੜੀ ਮੋਰਚੇ ਜਿੰਨਾ ਕਾਮਯਾਬ ਮੋਰਚਾ ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ਼ ਮੋਰਚਾ ਕੁਝ ਸਮਾਂ ਹੋਰ ਰਹਿੰਦਾ ਤਾਂ ਕਈ ਹੋਰ ਮੰਗਾਂ ਮੰਨਵਾਈਆਂ ਜਾ ਸਕਦੀਆਂ ਸਨ। ਉਨ੍ਹਾਂ ਕਿਹਾ ਕਿ ਬਾਦਲਾਂ ਤੇ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਮੋਰਚੇ ਦੀ ਸਮਾਪਤੀ ਤੋਂ ਪਹਿਲਾਂ ਹੋਣੀ ਚਾਹੀਦੀ ਸੀ।

ਉਨ੍ਹਾਂ ਜਥੇਦਾਰ ਮੰਡ ’ਤੇ ਇਲਜ਼ਾਮ ਲਾਇਆ ਕਿ ਉਨ੍ਹਾਂ ਸੰਗਤ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰ ਕੇ ‘ਤਾਨਾਸ਼ਾਹੀ’ ਢੰਗ ਨਾਲ ਮੋਰਚਾ ਸਮਾਪਤ ਕੀਤਾ ਹੈ। ਉਨ੍ਹਾਂ ਸੰਗਤ ਤੋਂ ਖ਼ਿਮਾ ਮੰਗਦਿਆਂ ਕਿਹਾ ਕਿ ਮੋਰਚਾ ਲੱਗਾ ਉਨ੍ਹਾਂ ਦੀ ਸਲਾਹ ਨਾਲ ਸੀ ਪਰ ਸਮਾਪਤੀ ਉਨ੍ਹਾਂ ਦੀ ਸਹਿਮਤੀ ਨਾਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੋਰਚਾ ਜਾਰੀ ਹੈ ਤੇ ਮੋਰਚੇ ਦੀਆਂ ਤਿੰਨੇ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ।

ਉਨ੍ਹਾਂ ਆਖਿਆ ਕਿ ਭਾਵੇਂ ਸਰਕਾਰ ਨੇ ਬਰਗਾੜੀ ਮੋਰਚੇ ਵਾਲੀ ਜਗ੍ਹਾ ਦਾਣਾ ਮੰਡੀ ਦੁਆਲੇ ਕੰਡਿਆਲੀ ਤਾਰ ਲਾ ਕੇ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਹਨ ਪਰ ਇਹ ਮੋਰਚਾ ਰਣਸੀਂਹ ਕਲਾਂ, ਬਾਜਾਖਾਨਾ ਜਾਂ ਕੋਟਕਪੂਰਾ ਤੋਂ ਇਲਾਵਾ ਪਿੰਡਾਂ ਦੀਆਂ ਸੱਥਾਂ ਵਿੱਚ ਵੀ ਲਾਇਆ ਜਾ ਸਕਦਾ ਹੈ। ਉਨ੍ਹਾਂ ਸਿੱਖ ਆਗੂ ਬੂਟਾ ਸਿੰਘ ਰਣਸੀਂਹ ਕਲਾਂ ਦਾ ਨਾਂ ਲੈ ਕੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਿੰਡ ਮੋਰਚਾ ਸ਼ੁਰੂ ਕਰਨ ਲਈ ਪ੍ਰਬੰਧਾਂ ਦੀ ਜ਼ਿੰਮੇਵਾਰੀ ਵੀ ਆਪਣੇ ’ਤੇ ਲਈ ਹੈ।

ਉਨ੍ਹਾਂ ਕਿਹਾ ਕਿ 8 ਜਨਵਰੀ ਨੂੰ ਹੋਣ ਵਾਲੀ ਪੰਥਕ ਕਨਵੈਨਸ਼ਨ ਅਗਲੇ ਅੰਦੋਲਨ ਦੀ ਰੂਪ ਰੇਖ਼ਾ ਤੈਅ ਕਰੇਗੀ। ਜਥੇਦਾਰ ਦਾਦੂਵਾਲ ਨੇ ਸੱਜਣ ਕੁਮਾਰ ਨੂੰ ਮਿਲੀ ਸਜ਼ਾ ਤੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕਮੇਟੀ ਵੱਲੋਂ ਸੁਖਬੀਰ ਬਾਦਲ ਨੂੰ ਝੂਠਾ ਕਰਾਰ ਦਿੱਤੇ ਜਾਣ ਦੇ ਮੁੱਦੇ ਵੀ ਛੋਹੇ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਦੀ ਬਾਦਲਾਂ ਨਾਲ ਵਾਕਿਆ ਹੀ ਕੋਈ ਦੋਸਤੀ ਨਹੀਂ ਤਾਂ ਬਾਦਲਾਂ ਦੀ ਸਦਨ ਵਿੱਚੋਂ ਮੈਂਬਰਸ਼ਿਪ ਰੱਦ ਕਰਨ ਦਾ ਹੌਸਲਾ ਕਰੇ।