ਚੰਡੀਗੜ੍ਹ: ਅੱਜ ਬਰਗਾੜੀ ਮੋਰਚੇ ਦੀ ਸਮਾਪਤੀ ਹੋ ਸਕਦੀ ਹੈ। ਅੱਜ ਇੱਥੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪੈ ਰਿਹਾ ਹੈ। ਇਸ ਮਗਰੋਂ ਮੋਰਚਾ ਖਤਮ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ। ਉਂਜ ਇਸ ਬਾਰੇ ਅਜੇ ਮੋਰਚੇ ਦੇ ਲੀਡਰ ਇਕਮਤ ਨਹੀਂ। ਇਸ ਲਈ ਸਰਕਾਰ ਨਾਲ ਗੱਲ਼ਬਾਤ ਮਗਰੋਂ ਹੀ ਅਗਲਾ ਐਲਾਨ ਕੀਤਾ ਜਾਵੇਗਾ।
ਉਧਰ, ਪੰਜਾਬ ਸਰਕਾਰ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦੇਣ ਲਈ ਵਫਦ ਮੋਰਚੇ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਸਰਕਾਰ ਦਾ ਸੁਨੇਹਾ ਲੈ ਕੇ ਮੋਰਚੇ ਵਿੱਚ ਪਹੁੰਚ ਸਕਦੇ ਹਨ।
ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਬਰਗਾੜੀ ਮੋਰਚਾ ਸੰਗਤਾਂ ਦੀ ਸਹਿਮਤੀ ਅਨੁਸਾਰ ਆਪਣੀ ਦਿਸ਼ਾ ਤੈਅ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾ ਕੋਈ ਨੁਮਾਇੰਦਾ ਮੰਗਾਂ ਮੰਨਣ ਬਾਰੇ ਏਜੰਡਾ ਲੈ ਕੇ ਪਹੁੰਚਦਾ ਹੈ ਤਾਂ ਇਸ ਨੂੰ ਸੰਤ ਸਮਾਜ ਤੇ ਸਿੱਖ ਸੰਗਤਾਂ ਨਾਲ ਵਿਚਾਰਨ ਤੋਂ ਬਾਅਦ ਹੀ ਕੋਈ ਆਖਰੀ ਫ਼ੈਸਲਾ ਲਿਆ ਜਾਵੇਗਾ।
ਉਨ੍ਹਾਂ ਆਖਿਆ ਕਿ ਮੋਰਚੇ ਸਬੰਧੀ ਵਿਰੋਧੀਆਂ ਤੇ ਪੰਥ ਦੋਖੀਆਂ ਵੱਲੋਂ ਸੰਗਤਾਂ ਦੀ ਸ਼ਮੂਲੀਅਤ ਘਟਣ ਬਾਰੇ ਗੁਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ ਜਦਕਿ ਹਕੀਕੀ ਰੂਪ ਵਿੱਚ ਸਿੱਖ ਸੰਗਤਾਂ ਤੇ ਇਨਸਾਫ ਪਸੰਦ ਲੋਕਾਂ ਦੇ ਉਤਸ਼ਾਹ ਨਾਲ ਮੋਰਚਾ ਚੜ੍ਹਦੀ ਕਲਾ ਵਿੱਚ ਹੈ।