ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਹਨ। ਇਸ ਬਾਰੇ ਪੁਲਿਸ ਹੱਥ ਪੁਖਤਾ ਸਬੂਤ ਲੱਗੇ ਹਨ ਜਿਸ ਨਾਲ ਜਲਦ ਹੀ ਵੱਡਾ ਖੁਲਾਸਾ ਹੋ ਸਕਦਾ ਹੈ। ਪੁਲਿਸ ਨੇ ਬਰਗਾੜੀ ਕਾਂਡ ਦੀ ਜਾਂਚ ਦੌਰਾਨ ਪਾਲਮਪੁਰ ਤੋਂ ਡੇਰਾ ਸਿਰਸਾ ਦਾ ਲੀਡਰ ਮਹਿੰਦਰ ਪਾਲ ਬਿੱਟੂ ਕਾਬੂ ਕੀਤਾ ਹੈ। ਇਸ ਲੀਡਰ ਨੇ ਬਰਗਾੜੀ ਕਾਂਡ ਬਾਰੇ ਅਹਿਮ ਰਾਜ ਖੋਲ੍ਹ ਲਏ ਹਨ।   ਮਹਿੰਦਰ ਪਾਲ ਬਿੱਟੂ ਦੇ ਖੁਲਾਸਿਆਂ ਤੋਂ ਬਾਅਦ ਪੁਲਿਸ ਨੇ ਕੋਟਕਪੂਰੇ ਵਿੱਚੋਂ ਤਿੰਨ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਦੋ ਵਿਅਕਤੀ ਫਰੀਦਕੋਟ ਵਿੱਚੋਂ ਚੁੱਕਣ ਦੀ ਸੂਚਨਾ ਹੈ। ਹਿਰਾਸਤ ਵਿੱਚ ਲਏ ਵਿਅਕਤੀਆਂ ਵਿੱਚ ਮੁਕਤਸਰ ਰੋਡ ਵਾਸੀ ਪੰਨੀ ਕੰਡਾ, ਸੁਖਵਿੰਦਰ ਕੰਡਾ ਤੇ ਮਾਨਸਾ ਵਾਸੀ ਜੱਗੀ ਸ਼ਾਮਲ ਹਨ। ਸੂਤਰਾਂ ਅਨੁਸਾਰ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਪਾਲਮਪੁਰ ਤੋਂ ਚੁੱਕਿਆ ਮੈਂਬਰ ਮਹਿੰਦਰ ਪਾਲ ਬਿੱਟੂ ਬਰਗਾੜੀ ਕਾਂਡ ਦਾ ਮੁੱਖ ਸੂਤਰਧਾਰ ਹੈ। ਬਿੱਟੂ ਵੱਲੋਂ ਪ੍ਰੇਮੀਆਂ ਨੂੰ ਨਿਰਦੇਸ਼ ਜਾਰੀ ਕਰਕੇ ਬਰਗਾੜੀ ਕਾਂਡ ਕਰਾਇਆ ਗਿਆ। ਉਸ ਮਗਰੋਂ ਬਰਗਾੜੀ ਵਿੱਚ ਪੋਸਟਰ ਵੀ ਲਵਾਏ ਗਏ। ਪੁਲਿਸ ਨੇ ਮਹਿੰਦਰ ਪਾਲ ਬਿੱਟੂ ਦੇ ਮੋਬਾਈਲ ਤੋਂ ਹੋਈ ਹਰ ਕਾਲ ਨੂੰ ਵਾਚਿਆ ਜਾ ਰਿਹਾ ਹੈ ਤੇ ਸ਼ੱਕੀ ਲੋਕਾਂ ਦੀ ਵੱਖਰੀ ਸੂਚੀ ਤਿਆਰ ਕੀਤੀ ਗਈ ਹੈ। ਕਾਬਲੇਗੌਰ ਹੈ ਕਿ 1 ਜੂਨ, 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਸਰੂਪ ਚੋਰੀ ਹੋਏ ਸਨ। 12 ਅਕਤੂਬਰ ਨੂੰ ਬਰਗਾੜੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਹੋਏ ਮਿਲੇ ਸਨ। ਕੋਈ ਪੁਲਿਸ ਅਧਿਕਾਰੀ ਇਸ ਮਾਮਲੇ 'ਤੇ ਅਧਿਕਾਰਤ ਪੁਸ਼ਟੀ ਕਰਨ ਨੂੰ ਤਿਆਰ ਨਹੀਂ।