ਬਰਨਾਲਾ: ਪਿੰਡ ਸੰਘੇੜਾ ਦੀ ਗਊਸ਼ਾਲਾ ਦੇ ਕੋਲ ਵਿਅਕਤੀ ਦੀ ਜ਼ਮੀਨ ਵਿੱਚ ਦੱਬੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਅਜਾਇਬ ਸਿੰਘ ਵਜੋਂ ਹੋਈ ਹੈ ਜੋ ਜਗਰਾਓਂ ਦੇ ਪਿੰਡ ਰਤਨ ਦੇ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸਨ, ਉਹ ਕਈ ਦਿਨਾਂ ਤੋਂ ਲਾਪਤਾ ਸੀ। ਪੁਲਿਸ ਨੇ ਜੇਸੀਬੀ ਦੀ ਮਦਦ ਨਾਲ ਕਈ ਘੰਟਿਆਂ ਦੀ ਮਸ਼ੱਕਤ ਬਾਅਦ ਲਾਸ਼ ਨੂੰ ਜ਼ਮੀਨ ਵਿੱਚੋਂ ਬਾਹਰ ਕੱਢਿਆ।
ਪਿੰਡ ਰਤਨ ਦੇ ਸਰਪੰਚ ਨੇ ਦੱਸਿਆ ਕਿ ਬੀਤੀ ਚਾਰ ਦਸੰਬਰ ਨੂੰ ਬਾਬਾ ਅਜਾਇਬ ਸਿੰਘ ਨੂੰ ਗੁਰਦੁਆਰਾ ਸਾਹਿਬ ਤੋਂ ਕੁਝ ਬੰਦੇ ਆਪਣੇ ਨਾਲ ਲੈ ਗਏ ਸੀ। ਇਸ ਦੇ ਬਾਅਦ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਆਈ। ਇਸ ਦੇ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਬਾਬਾ ਅਜਾਇਬ ਸਿੰਘ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਮਿਲਣ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਸਬੰਧਤ ਮੁਲਜ਼ਮਾਂ ਨੂੰ ਕਾਬੂ ਕੀਤਾ ਤੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਅੱਜ ਪੁਲਿਸ ਨੇ ਬਰਨਾਲਾ ਦੇ ਪਿੰਡ ਸੰਘੇੜਾ ਦੀ ਗਊਸ਼ਾਲਾ ਨੇੜੇ ਦਫ਼ਨਾਈ ਹੋਈ ਅਜਾਇਬ ਸਿੰਘ ਦੀ ਲਾਸ਼ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ਦੇ ਮੁੱਖ ਪ੍ਰਬੰਧਕ ਸਮੇਤ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫ਼ਿਲਹਾਲ ਕਤਲ ਦੇ ਕਾਰਨਾਂ ਬਾਰੇ ਕੁਝ ਸਾਫ ਨਹੀਂ ਹੋਇਆ।