ਚੰਡੀਗੜ੍ਹ: ਅੱਜ ਯਾਨੀ ਸੋਮਵਾਰ ਨੂੰ ਹੋਣ ਵਾਲੀ ਪੰਜਾਬ ਵਜ਼ਾਰਤ ਦੀ ਬੈਠਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖ਼ਰਾਬ ਸਿਹਤ ਕਰਕੇ ਨਹੀਂ ਹੋਵੇਗੀ। ਸਿਹਤ ਠੀਕ ਨਾ ਹੋਣ ਕਰਕੇ ਹੀ ਕੈਪਟਨ ਅੱਜ ਮੁਹਾਲੀ ਵਿੱਚ ਹੋਣ ਵਾਲੇ ਅਖ਼ਬਾਰ ਲਾਂਚਿੰਗ ਸਮਾਗਮ ਵਿੱਚ ਰਾਹੁਲ ਗਾਂਧੀ ਦੀ ਸੰਗਤ ਵੀ ਨਹੀਂ ਸੀ ਕਰ ਸਕੇ।

ਪਿਛਲੇ ਹਫ਼ਤੇ ਤੋਂ ਹੀ ਕੈਪਟਨ ਵਾਇਰਲ ਬੁਖ਼ਾਰ ਦੀ ਲਪੇਟ ਵਿੱਚ ਹਨ ਅਤੇ ਬੀਤੇ ਕੱਲ੍ਹ ਵੀ ਪੀਜੀਆਈ ਦੇ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਦੋ ਦਿਨ ਤਕ ਆਰਾਮ ਕਰਨ ਦੀ ਸਲਾਹ ਦਿੱਤੀ। ਡਾਕਟਰਾਂ ਮੁਤਾਬਕ ਕੈਪਟਨ ਦੇ ਟੈਸਟ ਆਦਿ ਰਿਪੋਰਟਾਂ ਸਹੀ ਹਨ ਪਰ ਫਿਰ ਵੀ ਉਨ੍ਹਾਂ ਨੂੰ ਆਰਾਮ ਦੀ ਜ਼ਰੂਰਤ ਹੈ।

ਉੱਧਰ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਢਿੱਲੇ ਚੱਲ ਰਹੇ ਹਨ। ਉਹ ਵੀ ਆਪਣੇ ਗ਼ੈਰ ਹਾਜ਼ਰ ਰਹਿਣ ਦੀ ਸੂਚਨਾ ਦੇ ਚੁੱਕੇ ਸਨ। ਸਿੱਧੂ ਨੇ ਭਲਕੇ ਦਿੱਲੀ ਦੇ ਹਸਪਤਾਲ ਵਿੱਚ ਜਾਂਚ ਕਰਵਾਉਣੀ ਹੈ, ਜਿਸ ਤੋਂ ਬਾਅਦ ਹੀ ਉਹ ਕੰਮ 'ਤੇ ਆਉਣਗੇ। ਜ਼ਿਕਰਯੋਗ ਹੈ ਕਿ ਚੋਣ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਦੀਆਂ ਆਵਾਜ਼ ਗ੍ਰੰਥੀਆਂ ਦੀ ਹਾਲਤ ਕਾਫੀ ਖ਼ਰਾਬ ਹੋ ਗਈ ਸੀ ਤੇ ਉਨ੍ਹਾਂ ਦੀ ਆਵਾਜ਼ ਜਾਣ ਦਾ ਵੀ ਖ਼ਤਰਾ ਬਣ ਗਿਆ ਸੀ।