ਅੰਮ੍ਰਿਤਸਰ: ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਵੱਲੋਂ ਰਖਵਾਏ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ। ਇਸ ਪਿੱਛੋਂ ਪ੍ਰਕਾਸ਼ ਸਿੰਘ ਬਾਦਲ ਮੀਡੀਆ ਦੇ ਮੁਖਾਤਿਬ ਹੋਏ ਪਰ ਉਨ੍ਹਾਂ ਦੇ ਪੁੱਤਰ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਆਉਂਦੇ ਸਮੇਂ ਮੀਡੀਆ ਦੇ ਮੁਖਾਤਿਬ ਨਹੀਂ ਹੋਏ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਹੋਈਆਂ ਗ਼ਲਤੀਆਂ ਦੀ ਖ਼ਿਮਾ ਮੰਗੀ ਹੈ, ਪਰ ਗ਼ਲਤੀਆਂ ਕੀ ਹੋਈਆਂ, ਇਸ ਬਾਰੇ ਕੁਝ ਨਹੀਂ ਦੱਸਿਆ। ਇਸ ਮੌਕੇ ਉਨ੍ਹਾਂ ਹੱਥ ਜੋੜ ਕੇ ਸਿੱਖ ਸੰਗਤ ਕੋਲੋਂ ਵੀ ਮਾਫੀ ਮੰਗੀ।
ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਗੁਰੂ ਸਾਹਿਬ ਤੋਂ ਭੁੱਲਾਂ ਬਖ਼ਸ਼ਾਉਣ ਲਈ ਅਖੰਡ ਪਾਠ ਕਰਵਾਏ ਹਨ। ਜੋ ਵੀ ਗਲਤੀ ਹੋਈ ਹੈ, ਉਸਦੀ ਮਾਫੀ ਲਈ ਖ਼ਿਮਾ ਜਾਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਣੇ-ਅਣਜਾਣੇ ਵਿੱਚ ਉਨ੍ਹਾਂ ਕੋਲੋਂ ਭੁੱਲਾਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਅੱਜ ਕੋ ਉਹ ਕੋਈ ਵੀ ਸਿਆਸੀ ਗੱਲ ਨਹੀਂ ਕਰਨਗੇ। ਇਸ ਮੌਕੇ ਹਜੂਰੀ ਰਾਗੀ ਨੂੰ ਅਹੁਦੇ ਤੋਂ ਹਟਾ ਦਿੱਤੇ ਜਾਣ ਦੇ ਸਵਾਲ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਉਨ੍ਹਾਂ ਦਾ ਕੰਮ ਨਹੀਂ। ਬਰਗਾੜੀ ਮੁੱਦੇ ’ਤੇ ਵੀ ਉਨ੍ਹਾਂ ਕੋਈ ਗੱਲ ਨਹੀਂ ਕੀਤੀ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਿਸੇ ਵੀ ਮੁੱਦੇ ਉੱਪਰ ਗੱਲ ਕਰਨ ਤੋਂ ਪਰਹੇਜ਼ ਕੀਤਾ ਤੇ ਹੱਥ ਜੋੜ ਕੇ ਕਿਹਾ ਕਿ ਉਹ ਸਿਰਫ ਮੁਆਫ਼ੀ ਮੰਗਣ ਆਏ ਹਨ।
ਇਸ ਮੌਕੇ ਪਾਰਟੀ ਦੇ ਸਪੋਕਸ ਪਰਸਨ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਪਾਰਟੀ ਦਾ ਫੈਸਲਾ ਸੀ ਕਿ ਦੋ ਦਿਨ ਅਖੰਡ ਪਾਠ ਸਾਹਿਬ ਰਖਵਾ ਕੇ ਸੇਵਾ ਕੀਤੀ ਜਾਵੇ। ਸੁਨੀਲ ਜਾਖੜ ਬਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ ਅਤੇ ਸੁਨੀਲ ਜਾਖੜ ਵੀ ਉਸ ਵਿੱਚ ਸ਼ਾਮਲ ਹੈ। ਬਰਗਾੜੀ ਮੋਰਚੇ ’ਤੇ ਟਿੱਪਣੀ ਕਰਦਿਆਂ ਚੀਮਾ ਨੇ ਕਿਹਾ ਕਿ ਬਰਗਾੜੀ ਮੋਰਚੇ ਵਾਲੇ ਵੀ ਕਾਫੀ ਥੱਕੇ ਹੋਣਗੇ, ਉਨ੍ਹਾਂ ਨੂੰ ਵੀ ਆਰਾਮ ਦੀ ਜ਼ਰੂਰਤ ਹੈ। ਧਰਨਾ ਖਤਮ ਹੋਣ ’ਤੇ ਉਹ ਵੀ ਆਰਾਮ ਕਰ ਲੈਣਗੇ। ਗੁਰਮੀਤ ਰਾਮ ਰਹੀਮ ਨੂੰ ਦਿੱਤੀ ਮੁਆਫੀ ’ਤੇ ਦਲਜੀਤ ਚੀਮਾ ਨੇ ਕਿਹਾ ਉਹ ਅੱਜ ਕੋਈ ਵੀ ਸਿਆਸੀ ਗੱਲ ਨਹੀਂ ਕਰਨਗੇ। ਅੱਜ ਗੁਰੂ ਘਰ ਵਿੱਚ ਉਹ ਸਿਰਫ ਸੇਵਾ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਕੱਲ੍ਹ ਤੋਂ ਸਿਆਸੀ ਗੱਲਾਂ ਫਿਰ ਸ਼ੁਰੂ ਹੋ ਜਾਣਗੀਆਂ।