ਬਰਨਾਲਾ: ਇੱਥੋਂ ਦੇ ਪਿੰਡ ਟੱਲੇਵਾਲ ਦੇ ਗੁਰਦੁਆਰਾ ਰਵਿਦਾਸ ਜੀ ਵਿਖੇ ਸ਼ੌਟ ਸਰਕਟ ਕਾਰਨ ਅੱਗ ਲੱਗਣ ਦੀ ਘਟਨਾ ਵਾਪਰੀ। ਅੱਗ ਲੱਗਣ ਕਾਰਨ ਗੁਰੂਘਰ ਵਿੱਚ ਪਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਅਗਨ ਭੇਟ ਹੋ ਗਿਆ।


ਇਸ ਤੋਂ ਇਲਾਵਾ ਦਰਬਾਰ ਸਾਹਿਬ ਦਾ ਸਾਰਾ ਸਮਾਨ ਸੜ ਗਿਆ। ਘਟਨਾ ਮੌਕੇ ਉੱਚ ਪੁਲਿਸ ਅਧਿਕਾਰੀ, ਐਸਜੀਪੀਸੀ ਮੈਂਬਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪੰਜਾਬ ਪਿਆਰੇ ਪਹੁੰਚੇ। ਪੰਜ ਪਿਆਰਿਆਂ ਨੇ ਘਟਨਾ ਲਈ ਗੁਰਦੁਆਰੇ ਦੇ ਗ੍ਰੰਥੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੇ ਮੁਤਾਬਕ ਮਰਿਆਦਾ ਤੇ ਪ੍ਰਬੰਧ 'ਚ ਲਾਪਰਵਾਹੀ ਵਰਤੀ ਗਈ।


ਅਗਨ ਭੇਟ ਹੋਏ ਸਰੂਪ ਦੀ ਸੇਵਾ ਸੰਭਾਲ ਕਰਕੇ ਅੰਤਿਮ ਸਸਕਾਰ ਲਈ ਗੋਇੰਦਵਾਲ ਸਾਹਿਬ ਭੇਜਿਆ ਗਿਆ। ਘਟਨਾ ਲਈ ਜ਼ਿੰਮੇਵਾਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਗ੍ਰੰਥੀ ਸਿੰਘ ਨੂੰ 18 ਅਪ੍ਰੈਲ ਨੂੰ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਦੀ ਹਦਾਇਤ ਕੀਤੀ ਗਈ।


ਇਸ ਤੋਂ ਇਲਾਵਾ ਜ਼ਿਲਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ 'ਚ ਸਥਿਤ ਗੁਰਦੁਆਰਾ ਬਾਉਲੀ ਸਾਹਿਬ ਅੰਦਰ ਲੱਗੇ ਏ.ਸੀ ਵਿਚ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਅੱਗ ਦੇ ਚਲਦੇ ਕੁਝ ਸਮਾਨ ਸੜ ਕੇ ਸੁਆਹ ਹੋ ਗਿਆ।


ਹਾਲਾਂਕਿ ਇਸ ਅੱਗ ਦੇ ਲੱਗਣ ਕਾਰਨ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਅਤੇ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਗੁਟਕੇ ਸਾਹਿਬ, ਰੁਮਾਲੇ ਸਾਹਿਬ ਅਤੇ ਹੋਰ ਕੀਮਤੀ ਸਮਾਨ ਨੂੰ ਤੇਜ਼ੀ ਨਾਲ ਬਚਾ ਲਿਆ ਹੈ।