ਗਗਨਦੀਪ ਸ਼ਰਮਾ
ਅੰਮ੍ਰਿਤਸਰ: ਬੀਤੀ ਚਾਰ ਸਤੰਬਰ ਨੂੰ ਬਟਾਲਾ ਦੀ ਇੱਕ ਪਟਾਕਾ ਫ਼ੈਕਟਰੀ ਵਿੱਚ ਹੋਏ ਧਮਾਕੇ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਬਿਠਾਈ ਮੈਜਿਸਟਰੇਟ ਜਾਂਚ ਰਿਪੋਰਟ ਆਖਿਰ 38 ਦਿਨਾਂ ਬਾਅਦ ਗੁਰਦਾਸਪੁਰ ਦੇ ਏਡੀਸੀ ਤੇਜਿੰਦਰਪਾਲ ਸਿੰਘ ਸੰਧੂ ਨੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਕਈ ਵਿਭਾਗਾਂ ਨੂੰ ਜ਼ਿੰਮੇਵਾਰ ਵੀ ਠਹਿਰਾਇਆ ਹੈ ਤੇ ਨਾਲ ਹੀ ਇਸ ਹਾਦਸੇ ਵਿੱਚ ਕਈ ਮੌਤਾਂ ਦੇ ਲਈ ਪੰਜਾਬ ਪੁਲਿਸ ਤੋਂ ਲੈ ਕੇ ਸਿਵਲ ਪ੍ਰਸ਼ਾਸਨ ਨਗਰ ਕੌਂਸਲ ਤੱਕ ਸਾਰੇ ਇਸ ਰਿਪੋਰਟ ਦੇ ਲਪੇਟੇ ਵਿੱਚ ਆ ਗਏ ਹਨ।
ਬਟਾਲਾ ਬਲਾਸਟ ਇੱਕ ਪਟਾਕਾ ਫ਼ੈਕਟਰੀ ਦੇ ਵਿੱਚ ਹੋਇਆ ਸੀ ਜਿਸ ਵਿੱਚ ਤੇ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਦਰਜਨ ਲੋਕ ਇਸ ਹਾਦਸੇ ਵਿੱਚ ਜਖ਼ਮੀ ਹੋ ਗਏ ਸਨ। ਪਟਾਕਾ ਫੈਕਟਰੀ ਦੇ ਮਾਲਕ ਦੇ ਪਰਿਵਾਰ ਦੇ ਵੀ ਛੇ ਮੈਂਬਰ ਇਸ ਹਾਦਸੇ ਵਿੱਚ ਮਾਰੇ ਗਏ ਸਨ। ਭਾਵੇਂ ਕਿ ਪੰਜਾਬ ਸਰਕਾਰ ਨੇ ਉਸ ਵੇਲੇ ਐਫਆਈਆਰ ਦਰਜ ਕਰ ਲਈ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੌਦਾਂ ਦਿਨਾਂ ਵਿੱਚ ਇਸ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਸੀ। ਇਸ ਨੂੰ ਤਕਰੀਬਨ ਅਠੱਤੀ ਦਿਨਾਂ ਬਾਅਦ ਜਾਂਚ ਅਧਿਕਾਰੀ ਤੇਜਿੰਦਰਪਾਲ ਸੰਧੂ ਨੇ ਏਡੀਸੀ ਵਜੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੂੰ ਸੌਂਪ ਦਿੱਤਾ ਹੈ।
ਤੇਜਿੰਦਰਪਾਲ ਸੰਧੂ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਜਾਂਚ ਵਿੱਚ ਕਈ ਖਾਮੀਆਂ ਪਾਈਆਂ ਹਨ। ਵੱਖ ਵੱਖ ਵਿਭਾਗਾਂ ਦੀ ਲਾਪ੍ਰਵਾਹੀ ਅਤੇ ਨਾਲਾਇਕੀ ਇਸ ਵਿੱਚ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ ਤੇ ਡਿਪਟੀ ਕਮਿਸ਼ਨਰ ਹੁਣ ਇਸ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਣਗੇ। ਹਾਲਾਂਕਿ ਜਾਂਚ ਅਧਿਕਾਰੀ ਸੰਧੂ ਨੇ ਇਸ ਬਾਰੇ ਕਿਸੇ ਵਿਭਾਗ ਦੇ ਬਾਰੇ ਨਾਂ ਲੈਣ ਤੋਂ ਸਾਫ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕਈ ਵਿਭਾਗਾਂ ਦੀਆਂ ਖਾਮੀਆਂ ਹਨ ਅਤੇ ਇਸ ਰਿਪੋਰਟ ਉੱਪਰ ਹੁਣ ਪੰਜਾਬ ਸਰਕਾਰ 'ਤੇ ਨਿਰਭਰ ਕਰਦਾ ਹੈ ਕਿ ਕੀ ਐਕਸ਼ਨ ਲੈਂਦੀ ਹੈ ਉਨ੍ਹਾਂ ਨੇ ਆਪਣਾ ਕੰਮ ਕਰ ਦਿੱਤਾ ਹੈ।
ਉਨ੍ਹਾਂ ਨੇ ਰਿਪੋਰਟ ਵਿੱਚ ਸਾਫ ਤੌਰ ਤੇ ਲਿਖਿਆ ਹੈ ਕਿ ਜੇਕਰ ਸਾਰੇ ਵਿਭਾਗ ਆਪੋ ਆਪਣੀ ਜ਼ਿੰਮੇਵਾਰੀ ਸਮਝਦੇ ਤਾਂ ਬਟਾਲਾ ਦੇ ਵਿੱਚ ਇਹ ਹਾਦਸਾ ਨਹੀਂ ਵਾਪਰਨਾ ਸੀ। ਇਸ ਦੇ ਲਾਇਸੈਂਸ ਦੇ ਬਾਰੇ ਪੁੱਛੇ ਜਾਣ 'ਤੇ ਏਡੀਸੀ ਸੰਧੂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਹੋਰ ਇਸ ਤੋਂ ਅੱਗੇ ਕੁਝ ਨਹੀਂ ਕਹਿਣਗੇ। ਜੋ ਉਨ੍ਹਾਂ ਨੇ ਕਹਿਣਾ ਸੀ ਉਹ ਆਪਣੀ ਰਿਪੋਰਟ ਵਿੱਚ ਕਹਿ ਚੁੱਕੇ ਹਨ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਕਿਸ ਰਿਪੋਰਟ ਨੂੰ ਛੇਤੀ ਹੀ ਮੁੱਖ ਮੰਤਰੀ ਦੇ ਦਫ਼ਤਰ ਭੇਜ ਦੇਣਗੇ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਸ ਦੇ ਉੱਪਰ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕੀ ਐਕਸ਼ਨ ਲੈਂਦੀ ਹੈ।