ਬਟਾਲਾ: ਇਥੋਂ ਦੀ ਪਟਾਕਾ ਫੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋਣ ਨਾਲ ਦਰਦਨਾਕ ਹਾਦਸਾ ਵਾਪਰਿਆ। ਹੁਣ ਤਕ ਹਾਦਸੇ 'ਚ 19 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 20 ਤੋਂ ਵੱਧ ਜ਼ਖ਼ਮੀ ਹਨ। ਫਿਲਹਾਲ ਧਮਾਕਾ ਹੋਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ।


ਬਟਾਲਾ ਦੇ ਜਲੰਧਰ ਰੋਡ 'ਤੇ ਹੰਸਲੀ ਨਾਲੇ ਨੇੜੇ ਸਥਿਤ ਹੈ ਪਟਾਕਾ ਫੈਕਟਰੀ। ਰਿਹਾਇਸ਼ੀ ਇਲਾਕੇ 'ਚ ਸਥਿਤ ਹੈ ਪਟਾਕਾ ਫੈਕਟਰੀ ਜਿੱਥੇ ਨੇੜੇ ਹੀ ਸਕੂਲਸਥਿਤ ਹੈ। ਹਾਦਸਾ ਏਨਾ ਭਿਆਨਕ ਸੀ ਕਿ ਨੇੜੇ ਦੀਆਂ ਕਈ ਇਮਾਰਤਾਂ ਨੁਕਸਾਨੀਆਂ ਗਈਆਂ।


ਫੈਕਟਰੀ ਨੇੜੇ ਖੜੀਆਂ ਕਾਰਾਂ ਹੰਸਲੀ ਨਾਲੇ 'ਚ ਜਾ ਡਿੱਗੀਆਂ। ਗੁਰਦਾਸਪੁਰ ਦੇ ਐਸਡੀਐਮ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ। ਇਥੋਂ ਤਕ ਕਿ ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ।


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ 'ਤੇ ਦੁੱਖ ਪ੍ਰਗਟਾਇਆ। ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਟਵੀਟ ਕਰਕੇ ਘਟਨਾ ਤੇ ਦੁੱਖ ਜਤਾਇਆ। ਦੀਵਾਲੀ ਦਾ ਤਿਓਹਾਰ ਨਜ਼ਦੀਕ ਹੋਣ ਕਾਰਨ ਬਹੁ ਗਿਣਤੀ ਮਜ਼ਦੂਰ ਫੈਕਟਰੀ ਚ ਕੰਮ ਕਰ ਰਹੇ ਸਨ। ਫੈਕਟਰੀ ਚ ਜਾਨੀ ਤੇ ਮਾਲੀ ਨੁਕਸਾਨ ਕਾਫੀ ਵੱਡਾ ਹੋ ਗਿਆ ਹੈ। ਮੌਕੇ 'ਤੇ ਐਨਡੀਆਰਐਫ ਦੀਆਂ ਟੀਮਾਂ ਰਾਹਤ ਕਾਰਜਾਂ ਲਈ ਪਹੁੰਚ ਚੁੱਕੀਆਂ ਹਨ।