ਗੁਰਦਾਸਪੁਰ: ਪੁਲਿਸ ਨੇ ਬੀਤੀ ਪੰਜ ਮਾਰਚ ਨੂੰ ਬਟਾਲਾ ਸ਼ਹਿਰ ਦੇ ਕੁਲੀਨ ਵਰਗੀ ਇਲਾਕੇ ਸ਼ਾਸਤਰੀ ਨਗਰ ਵਿੱਚ ਕਤਲ ਕੀਤੇ ਸੇਵਾਮੁਕਤ ਐਸਡੀਓ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਪੈਸਿਆਂ ਦੇ ਲਾਲਚ ਕਾਰਨ ਇੰਪਰੂਵਮੈਂਟ ਟਰੱਸਟ ਤੋਂ ਬਤੌਰ ਐਸਡੀਓ ਸੇਵਾਮੁਕਤ ਹੋਏ 65 ਸਾਲਾ ਰਣਧੀਰ ਸਿੰਘ ਨੂੰ ਉਸ ਦੇ ਭਤੀਜੇ ਨੇ ਆਪਣੇ ਡਰਾਇਵਰ ਨਾਲ ਮਿਲ ਕੀਤਾ ਹੈ।

ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ ਓਪਿੰਦਰਜੀਤ ਸਿੰਘ ਘੁੰਮਣ ਨੇ ਰਣਧੀਰ ਸਿੰਘ ਕਤਲ ਮਾਮਲੇ ਵਿੱਚ ਮੁਲਜ਼ਮਾਂ ਨੂੰ ਫੜਨ ਦਾ ਦਾਅਵਾ ਕੀਤਾ। ਉਨ੍ਹਾਂ ਦੱਸਿਆ ਕਿ 5 ਮਾਰਚ ਨੂੰ ਹੋਏ ਕਤਲ ਵਿੱਚ ਸਾਹਮਣੇ ਆਇਆ ਹੈ ਕਿ ਰਣਧੀਰ ਸਿੰਘ ਦਾ ਕਤਲ ਉਸ ਦੇ ਭਤੀਜੇ ਹਰਮਨਦੀਪ ਸਿੰਘ ਨੇ ਆਪਣੇ ਡਰਾਇਵਰ ਸੁਖਜੀਤ ਸਿੰਘ ਵੱਲੋਂ ਕਰਵਾਇਆ ਸੀ।

ਐਸਐਸਪੀ ਨੇ ਦੱਸਿਆ ਕਿ ਚਾਚੇ-ਭਤੀਜੇ ਨੇ ਮਿਲ ਕਰ ਵੈਸਟਰਨ ਯੂਨੀਅਨ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਕੰਮ-ਕਾਜ ਵਿੱਚ ਜੋ ਚਾਚਾ ਦਾ ਹਿੱਸਾ ਸੀ, ਉਸ ਨੂੰ ਹੜੱਪਣ ਦੀ ਮਨਸ਼ਾ ਨਾਲ ਭਤੀਜੇ ਹਰਮਨਦੀਪ ਨੇ ਆਪਣੇ ਹੀ ਚਾਚਾ ਰਣਧੀਰ ਸਿੰਘ ਦਾ ਕਤਲ ਆਪਣੇ ਡਰਾਈਵਰ ਕੋਲੋਂ ਕਰਵਾ ਦਿੱਤਾ। ਉਸ ਨੇ ਡਰਾਈਵਰ ਨੂੰ ਲਾਲਚ ਦਿੱਤਾ ਕਿ ਉਹ ਉਸ ਨੂੰ ਵਿਦੇਸ਼ ਭਿਜਵਾ ਦੇਵੇਗਾ। ਪੁਲਿਸ ਨੇ ਹੱਤਿਆ ਦੇ ਇਲਜ਼ਾਮ ਹੇਠ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਇੱਕ 315 ਬੋਰ ਦੇਸੀ ਪਿਸਤੌਲ ਤੇ ਇੱਕ ਮੋਟਰ ਸਾਇਕਲ ਵੀ ਬਰਾਮਦ ਕੀਤਾ ਹੈ।