ਗੁਰਦਾਸਪੁਰ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਸੰਕੇਤ ਦਿੱਤੇ ਹਨ ਕਿ ਉਹ ਖਡੂਰ ਸਾਹਿਬ ਸੀਟ ਤੋਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਉਮੀਦਵਾਰ ਪਰਮਜੀਤ ਕੌਰ ਖਾਲੜਾ ਨੂੰ ਸਮਰਥਨ ਦੇ ਸਕਦੇ ਹਨ ਤੇ ਆਪਣਾ ਉਮੀਦਵਾਰ ਜਨਰਲ (ਸੇਵਾ ਮੁਕਤ) ਜੇਜੇ ਸਿੰਘ ਵਾਪਸ ਲੈ ਸਕਦੇ ਹਨ। ਟਕਸਾਲੀ ਦਲ ਪਰਮਜੀਤ ਕੌਰ ਖਾਲੜਾ ਦੀ ਵਿਰੋਧਤਾ ਕਰਨ ਦੇ ਰੌਂਅ ਵਿੱਚ ਨਹੀਂ ਹੈ।


ਪਰਮਜੀਤ ਕੌਰ ਖਾਲੜਾ ਤੇ ਉਨ੍ਹਾਂ ਦੇ ਪਤੀ ਜਸਵੰਤ ਸਿੰਘ ਖਾਲੜਾ ਨੇ ਖਾੜਕੂਵਾਦ ਦੇ ਸਮੇਂ ਪੰਜਾਬ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੇ ਕਤਲ ਕਰ ਲਾਸ਼ਾਂ ਖੁਰਦ-ਬੁਰਦ ਕਰਨ ਦਾ ਖੁਲਾਸਾ ਕੀਤਾ ਸੀ। ਇਸ ਮਗਰੋਂ ਜਸਵੰਤ ਸਿੰਘ ਖਾਲੜਾ ਲਾਪਤਾ ਹੋ ਗਏ ਸਨ ਤੇ ਉਨ੍ਹਾਂ ਨੂੰ ਵੀ ਕਤਲ ਕਰ ਦਿੱਤਾ ਗਿਆ ਸੀ।

ਬੁੱਧਵਾਰ ਨੂੰ ਟਕਸਾਲੀ ਦਲ ਦੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਬਾਦਲ ਦੇ 31 ਲੀਡਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਸ਼ਾਮਲ ਕਰਨ ਮੌਕੇ ਕਿਹਾ ਕਿ ਇਸ ਮਾਮਲੇ 'ਤੇ ਵਿਚਾਰ ਚਰਚਾ ਜਾਰੀ ਹੈ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਸੀਟ ਤੋਂ ਉਨ੍ਹਾਂ ਪਹਿਲਾਂ ਹੀ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ, ਪਰ ਖਾਲੜਾ ਪਰਿਵਾਰ ਦੀ ਕੁਰਬਾਨੀ ਬਹੁਤ ਵੱਡੀ ਹੈ।

ਇਸ ਲਈ ਉਹ ਪਾਰਟੀ ਪੱਧਰ 'ਤੇ ਵਿਚਾਰ ਚਰਚਾ ਕਰ ਰਹੇ ਹਨ ਤਾਂ ਜੋ ਢੁੱਕਵਾਂ ਹੱਲ ਕੱਢਿਆ ਜਾ ਸਕੇ। ਇਸ ਤੋਂ ਪਹਿਲਾਂ ਪੀਡੀਏ ਦੇ ਮੋਢੀ ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਵੀ ਖੁਲਾਸਾ ਕੀਤਾ ਸੀ ਕਿ ਟਕਸਾਲੀ ਖਡੂਰ ਸਾਹਿਬ ਸੀਟ ਤੋਂ ਆਪਣਾ ਉਮੀਦਵਾਰ ਹਟਾ ਸਕਦੇ ਹਨ।

ਇਸ ਮੌਕੇ ਸੇਖਵਾਂ ਨੇ ਸੁਖਬੀਰ ਬਾਦਲ ਖ਼ਿਲਾਫ਼ ਜੰਮ ਕੇ ਬਿਆਨਬਾਜ਼ੀ ਕੀਤੀ। ਸੇਖਵਾਂ ਨੇ ਕਿਹਾ ਕਿ ਅੱਜ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਕਿਉਂਕਿ ਪਿਛਲੀ ਸਰਕਾਰ ਸਮੇਂ ਅਕਾਲੀ ਦਲ ਵਿੱਚ ਮੌਜੂਦ ਰਹੇ ਵੱਡੇ ਲੀਡਰ ਟਕਸਾਲੀ ਦਲ ਵਿੱਚ ਸ਼ਾਮਲ ਹੋਏ ਹਨ।

ਉਨ੍ਹਾਂ ਸੁਖਬੀਰ ਬਾਦਲ ਵੱਲੋਂ ਟਕਸਾਲੀਆਂ ਦੀ ਅਲੋਚਨਾ ਕੀਤੇ ਜਾਣ ਮਗਰੋਂ ਸਵਾਲ ਕੀਤਾ ਕਿ ਸੁਖਬੀਰ ਬਾਦਲ ਨੂੰ ਇਹੋ ਨਹੀਂ ਪਤਾ ਕਿ ਅਕਾਲੀ ਕਿਸਨੂੰ ਕਹਿੰਦੇ ਹਨ ਤੇ ਟਕਸਾਲੀਆਂ ਬਾਰੇ ਕੀ ਪਤਾ ਹੋਣਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਸੀਂ ਅਕਾਲੀ ਦਲ ਨੂੰ ਨਹੀਂ ਛੱਡਿਆ ਬਲਕਿ ਗ਼ਲਤ ਲੀਡਰਸ਼ਿਪ ਦੇ ਰੋਸ ਵਜੋਂ ਆਪਣੇ ਅਹੁਦੇ ਛੱਡੇ ਸਨ।