ਚੰਡੀਗੜ੍ਹ: ਬਾਦਲ ਪਰਿਵਾਰ ਦੇ ਕਰੀਬੀ ਅਕਾਲੀ ਲੀਡਰ ਦਿਆਲ ਸਿੰਘ ਕੋਲਿਆਂਵਾਲੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮੁਹਾਲੀ ਅਦਾਲਤ ਵਿੱਚੋਂ ਖਾਰਜ ਹੋਣ ਮਗਰੋਂ ਉਹ ਹਾਈਕੋਰਟ ਪਹੁੰਚ ਗਏ ਹਨ। ਹਾਈਕੋਰਟ ਨੇ ਕੋਲਿਆਂਵਾਲੀ ਦੀ ਜ਼ਮਾਨਤ ਅਰਜ਼ੀ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਹੁਣ ਮਾਮਲੇ ਦੀ ਸੁਣਵਾਈ ਅਪ੍ਰੈਲ ਨੂੰ ਹੋਵੇਗੀ। ਉਸ ਦਿਨ ਵਿਜੀਲੈਂਸ ਬਿਊਰੋ ਆਪਣਾ ਜਵਾਬ ਦਾਇਰ ਕਰੇਗੀ।

ਕਾਬਲੇਗੌਰ ਹੈ ਕਿ ਕੋਲਿਆਂਵਾਲੀ ਖ਼ਿਲਾਫ਼ ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਸੀ। ਕੋਲਿਆਂਵਾਲੀ ਨੇ ਮੁਹਾਲੀ ਦੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ। ਇਸ ਤੋਂ ਬਾਅਦ ਕੋਲਿਆਂਵਾਲੀ ਨੂੰ ਜ਼ਮਾਨਤ ਮਿਲ ਗਈ ਸੀ।

ਵਿਜੀਲੈਂਸ ਵੱਲੋਂ ਤਫ਼ਤੀਸ਼ ਅੱਗੇ ਵਧਾਉਣ 'ਤੇ ਕੋਲਿਆਂਵਾਲੀ ਖਿਲਾਫ਼ ਮਾਮਲੇ ਵਿੱਚ ਨਵਾਂ ਮੋੜ ਆਇਆ ਸੀ। ਵਿਜੀਲੈਂਸ ਨੇ ਤਫਤੀਸ਼ ਦੌਰਾਨ ਪਾਇਆ ਕਿ ਕੋਲਿਆਂਵਾਲੀ ਨੇ ਜ਼ਮੀਨ ਘੁਟਾਲਾ ਕੀਤਾ ਸੀ। ਵਿਜੀਲੈਂਸ ਨੇ ਆਈਪੀਸੀ ਦੀ ਧਾਰਾ 420, 467, 468, 471 ਹੇਠ ਕੋਲਿਆਂਵਾਲੀ ਨੂੰ ਮੁਲਜ਼ਮ ਬਣਾਇਆ ਸੀ। ਇਸ ਮਗਰੋਂ ਕੋਲਿਆਂਵਾਲੀ ਤੋਂ ਰਿਕਵਰੀ ਕਰਨ ਦੇ ਆਧਾਰ 'ਤੇ ਕਸਟਡੀ ਮੰਗੀ ਸੀ।

ਕੇਸ ਵਿੱਚ ਨਵੇਂ ਇਲਜ਼ਾਮ ਜੁੜਨ ਤੋਂ ਬਾਅਦ ਕੋਲਿਆਂਵਾਲੀ ਨੇ ਮੁਹਾਲੀ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਪਰ ਅਦਾਲਤ ਨੇ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ। ਅਰਜ਼ੀ ਖਾਰਜ ਹੋਣ ਪਿੱਛੋਂ ਹੁਣ ਕੋਲਿਆਂਵਾਲੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ।