ਬਠਿੰਡਾ: ਸ਼ੁੱਕਰਵਾਰ ਦੇਰ ਸ਼ਾਮ ਬਠਿੰਡਾ ਤੇ ਮਾਨਸਾ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਵਿੱਚ ਬੁੱਢਾ ਗਰੁੱਪ ਦੇ ਚਾਰ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰਨ ਦੇ ਦਾਅਵੇ ਮਗਰੋਂ ਅੱਜ ਰੇਂਜ ਦੇ ਆਈਜੀ ਨੇ ਮਾਮਲੇ ਦੀ ਵਿਸਥਾਰਤ ਜਾਣਕਾਰੀ ਦਿੱਤੀ। ਬਠਿੰਡਾ ਰੇਂਜ ਦੇ ਆਈਜੀ ਐਮ.ਐਫ. ਫਾਰੂਕੀ ਨੇ ਦੱਸਿਆ ਕਿ ਬਠਿੰਡਾ ਦੀ ਸੀਆਈਏ ਸਟਾਫ਼-1 ਅਤੇ ਮਾਨਸਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿੱਚ ਬਦਮਾਸ਼ਾਂ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਤੇ ਗੋਲ਼ੀ ਸਿੱਕਾ ਬਰਾਮਦ ਕੀਤਾ ਹੈ।

ਫਾਰੂਕੀ ਨੇ ਦੱਸਿਆ ਕਿ ਉਕਤ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਗੁਪਤ ਸੂਚਨਾ ਤੇ ਜਾਇਜ਼ਾ ਲੈਣ ਮਗਰੋਂ ਹੀ ਆਪ੍ਰੇਸ਼ਨ ਉਲੀਕਿਆ ਸੀ। ਉਨ੍ਹਾਂ ਦੱਸਿਆ ਕਿ ਮਾਨਸਾ ਦੇ ਪਿੰਡ ਜਟਾਣਾ ਖੁਰਦ ਵਿਖੇ ਪੰਜ ਗੈਂਗਸਟਰਾਂ ਲੁਕੇ ਹੋਏ ਸਨ। ਪੁਲਿਸ ਨੇ ਛਾਪਾ ਮਾਰਿਆ ਤਾਂ ਗੈਂਗਸਟਰਾਂ ਨੇ ਗੋਲ਼ੀਬਾਰੀ ਕਰ ਦਿੱਤੀ।



ਆਈਜੀ ਮੁਤਾਬਕ ਆਪ੍ਰੇਸ਼ਨ ਦੌਰਾਨ ਗੋਲ਼ੀਬਾਰੀ ਹੁੰਦੀ ਰਹੀ ਪਰ ਪੁਲਿਸ ਨੇ ਚਾਰ ਗੈਂਗਸਟਰਾਂ ਨੂੰ ਜਿਊਂਦੇ ਕਾਬੂ ਕਰ ਲਿਆ, ਪਰ ਉਨ੍ਹਾਂ ਦਾ ਮੁਖੀ ਜਾਮਨ ਨਾਂਅ ਦਾ ਗੈਂਗਸਟਰ ਭੱਜਣ ਵਿੱਚ ਕਾਮਯਾਬ ਹੋ ਗਿਆ। ਉਨ੍ਹਾਂ ਦੱਸਿਆ ਕਿ ਗੈਂਗਸਟਰ ਪਿੰਡ ਵਿੱਚ ਕੁਲਬੀਰ ਕਿੰਦਾ ਨਾਂਅ ਦੇ ਵਿਅਕਤੀ ਦੇ ਘਰ ਵਿੱਚ ਰਹਿ ਰਹੇ ਸੀ ਅਤੇ ਇਨ੍ਹਾਂ 'ਤੇ ਤਿੰਨ ਤੋਂ ਚਾਰ-ਚਾਰ ਕੇਸ ਦਰਜ ਹਨ। ਪੁਲਿਸ ਮੁਤਾਬਕ ਪਿਛਲੇ ਕੁਝ ਦਿਨ ਪਹਿਲਾਂ ਰਾਮ ਸਿੰਘ ਗੈਂਗਸਟਰ ਦੇ ਮਾਰਨ ਵਿੱਚ ਵੀ ਇਨ੍ਹਾਂ ਬਦਮਾਸ਼ਾਂ ਦਾ ਹੀ ਹੱਥ ਸੀ। ਪੁਲਿਸ ਨੂੰ ਗੈਂਗਸਟਰਾਂ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਆਸ ਹੈ।