ਲੰਡਨ: ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਦਿਨਕਰ ਗੁਪਤਾ ਦਾ ਲੰਡਨ ਵਿੱਚ ਵਿਰੋਧ ਕੀਤੇ ਜਾਣ ਦੀ ਖ਼ਬਰ ਹੈ। ਸਿੱਖਸ ਫਾਰ ਜਸਟਿਸ ਦੇ ਮੈਂਬਰਾਂ ਵੱਲੋਂ ਫੇਸਬੁੱਕ 'ਤੇ ਵੀਡੀਓ ਪਾ ਕੇ ਡੀਜੀਪੀ ਦਾ ਵਿਰੋਧ ਦਰਜ ਕੀਤਾ ਹੈ। ਪ੍ਰਦਰਸ਼ਨਕਾਰੀਆਂ ਨੇ ਰੈਫਰੈਂਡਮ 2020 ਦੇ ਸਮਰਥਨ ਵਾਲੀਆਂ ਦੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ। ਹਾਲਾਂਕਿ, ਵੀਡੀਓ ਵਿੱਚ ਡੀਜੀਪੀ ਗੁਪਤਾ ਦਿਖਾਈ ਨਹੀਂ ਦਿੱਤੇ ਪਰ ਪ੍ਰਦਰਸ਼ਨਕਾਰੀਆਂ ਦਾ ਦਾਅਵਾ ਸੀ ਕਿ ਉਹ ਹੋਟਲ ਦੇ ਅੰਦਰ ਹੀ ਹਨ।


ਸਿੱਖਸ ਆਫ਼ ਗੁਰੂ ਨਾਨਕ ਨਾਂਅ ਦੇ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਕੁਝ ਸਿੱਖਾਂ ਨੇ ਦਾਅਵਾ ਕੀਤਾ ਕਿ ਦਿਨਕਰ ਗੁਪਤਾ ਨੇ ਸੰਨ 1990 ਤੋਂ 1994 ਤਕ ਸੈਂਕੜੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰਿਆ, ਜਿਸ ਲਈ ਉਹ ਉਨ੍ਹਾਂ ਦਾ ਵਿਰੋਧ ਕਰਨ ਪੁੱਜੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਡੀਜੀਪੀ ਗੁਪਤਾ ਕੇਂਦਰੀ ਲੰਡਨ ਦੇ ਹੋਟਲ ਅੰਬਾ ਵਿੱਚ ਠਹਿਰੇ ਹਨ ਅਤੇ ਸਿੱਖਸ ਫਾਰ ਜਸਟਿਸ ਦੇ ਮੈਂਬਰ ਕਾਨੂੰਨੀ ਤਰੀਕੇ ਨਾਲ ਉਨ੍ਹਾਂ ਦਾ ਵਿਰੋਧ ਕਰਨ ਲਈ ਪੁੱਜੇ ਹਨ।

ਵੀਡੀਓ ਵਿੱਚ ਖ਼ੁਦ ਨੂੰ ਪਰਮਜੀਤ ਸਿੰਘ ਪੰਮਾ ਦੱਸਣ ਵਾਲੇ ਵਿਅਕਤੀ ਅਤੇ ਉਸ ਦੇ ਸਾਥੀਆਂ ਕਿਹਾ ਹੈ ਕਿ ਦਿਨਕਰ ਗੁਪਤਾ ਨੂੰ ਖਾੜਕੂਵਾਦ ਦੇ ਦੌਰ ਵਿੱਚ ਸਿੱਖਾਂ ਦੇ ਕੀਤੇ ਤਸ਼ੱਦਦ ਕਾਰਨ ਹੀ ਅੱਗੇ ਤਰੱਕੀਆਂ ਮਿਲੀਆਂ ਹਨ। ਉਨ੍ਹਾਂ ਵਾਰ-ਵਾਰ ਦੋਸ਼ ਲਾਏ ਕਿ ਦਿਨਕਰ ਗੁਪਤਾ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਸੈਂਕੜੇ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਰਵਾਇਆ ਹੈ ਅਤੇ ਉਹ ਅਜਿਹੇ ਵਿਅਕਤੀਆਂ ਦਾ ਹਰ ਵੇਲੇ ਵਿਰੋਧ ਕਰਨਗੇ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਦਾਅਵਾ ਕੀਤਾ ਹੈ ਕਿ ਸਿੱਖਸ ਫਾਰ ਜਸਟਿਸ ਦਿਨਕਰ ਗੁਪਤਾ ਖ਼ਿਲਾਫ਼ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਅਤੇ “ਰੈਫਰੰਡਮ 2020” ਦੇ ਕਾਰਕੁੰਨਾਂ ਤੇ ਤਸ਼ੱਦਦ ਕਰਨ ਦੇ ਖ਼ਿਲਾਫ਼ ਕੌਮਾਂਤਰੀ ਪੱਧਰ 'ਤੇ ਕੇਸ ਕਰਨ ਦੀ ਤਿਆਰੀ ਕਰ ਰਹੀ ਹੈ।