ਸਮੇਂ ਤੋਂ ਪਹਿਲਾਂ ਜਨਮੀ ਸਿਰਫ 245 ਗ੍ਰਾਮ ਵਜ਼ਨ ਵਾਲੀ ਬੱਚੀ ਨੂੰ ਦੁਨੀਆ ਦੀ ਸਭ ਤੋਂ 'ਨਿੱਕੀ ਧੀ' ਮੰਨਿਆ ਜਾ ਰਿਹਾ ਹੈ। ਡਾਕਟਰਾਂ ਦੀ ਮਿਹਨਤ ਸਦਕਾ ਬੱਚੀ ਹੁਣ ਤੰਦਰੁਸਤ ਹੈ ਤੇ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਵੀ ਮਿਲ ਗਈ ਹੈ।



ਮਾਂ ਦੇ ਗਰਭ ਵਿੱਚ 23 ਹਫ਼ਤੇ ਤੇ ਤਿੰਨ ਦਿਨ ਤਕ ਰਹਿਣ ਮਗਰੋਂ ਬੇਬੀ ਸਾਇਬੀ ਦਾ ਜਨਮ ਦਸੰਬਰ 2018 ਵਿੱਚ ਕੈਲੇਫੋਰਨੀਆ ਦੇ ਸੈਨ ਡਿਏਗੋ ਦੇ ਸ਼ਾਰਪ ਮੈਰੀ ਬਰਚ ਹਸਪਤਾਲ ਵਿੱਚ ਹੋਇਆ ਸੀ। ਜਨਮ ਸਮੇਂ ਉਸ ਦਾ ਵਜ਼ਨ ਇੱਕ ਸੇਬ ਜਿੰਨਾ ਹੀ ਸੀ। ਜ਼ਿੰਦਗੀ ਲਈ ਸੰਘਰਸ਼ ਕਰਦੀ ਇਸ ਬੱਚੀ ਨੂੰ ਹਸਪਤਾਲ ਦੇ ਦੇਖਭਾਲ ਵਿਭਾਗ ਵਿੱਚ ਰੱਕਿਆ ਗਿਆ। ਡਾਕਟਰਾਂ ਨੇ ਸਾਇਬੀ ਦੇ ਮਾਪਿਆਂ ਨੂੰ ਦੱਸਿਆ ਕਿ ਉਸ ਕੋਲ ਸਿਰਫ ਕੁਝ ਹੀ ਘੰਟਿਆਂ ਦੇ ਸਾਹ ਬਾਕੀ ਹਨ।



ਪਰ ਸੀਐਨਐਨ ਦੀ ਖ਼ਬਰ ਮੁਤਾਬਕ ਬੱਚੀ ਲਗਾਤਾਰ ਪੰਜ ਮਹੀਨੇ ਤਕ ਹਸਪਤਾਲ ਵਿੱਚ ਭਰਤੀ ਰਹੀ ਅਤੇ ਹੁਣ ਉਸ ਦੇ ਜਿਊਂਦੇ ਰਹਿਣ ਦੀਆਂ ਉਮੀਦਾਂ ਬਰਕਰਾਰ ਹੋ ਗਈਆਂ ਹਨ। ਸਾਇਬੀ ਦਾ ਵਜ਼ਨ ਵੀ ਢਾਈ ਕਿੱਲੋ ਹੋ ਗਿਆ ਹੈ ਅਤੇ ਹਸਪਤਾਲ ਵਿੱਚੋਂ ਛੁੱਟੀ ਵੀ ਮਿਲ ਗਈ ਹੈ। ਹਸਪਤਾਲ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਸਾਇਬੀ ਦਾ ਜਨਮ ਸਮੇਂ ਵਜ਼ਨ ਸਿਰਫ 245 ਗ੍ਰਾਮ ਸੀ, ਯਾਨੀ ਉਸ ਨੇ ਦੁਨੀਆ ਦੀ ਸਭ ਤੋਂ ਛੋਟੇ ਜਿਊਂਦੇ ਬੱਚੇ ਦੇ ਰੂਪ ਵਿੱਚ ਜਨਮ ਲਿਆ।