ਬਠਿੰਡਾ: ਬੈਂਕਾਂ ਦੇ ਏਟੀਐਮ ਹੈਕ ਕਰਕੇ ਪਾਸਵਰਡ ਲਾ ਕੇ ਇੱਕ ਕਰੋੜ ਤੋਂ ਜ਼ਿਆਦਾ ਰਕਮ ਲੁੱਟਣ ਵਾਲਾ ਕੰਪਿਊਟਰ ਇੰਜਨੀਅਰ ਫੜਿਆ ਗਿਆ ਹੈ। ਇਸ ਕੰਮ ਵਿੱਚ ਉਸ ਦਾ ਸਾਲਾ ਵੀ ਸਾਥ ਦੇ ਰਿਹਾ ਸੀ। ਪੁਲਿਸ ਨੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਭੁਪਿੰਦਰ ਸਿੰਘ ਵਜੋਂ ਹੋਈ ਹੈ ਜੋ ਬਠਿੰਡਾ ਦੇ ਪਿੰਡ ਭਗਵਾਨਗੜ੍ਹ ਦਾ ਰਹਿਣ ਵਾਲਾ ਹੈ। ਉਸ ਨੇ ਗਰੋਹ ਬਣਾਇਆ ਹੋਇਆ ਸੀ। ਦਰਅਸਲ ਉਹ ਆਪਣੇ ਸਾਲੇ ਨਾਲ ਵਿਦੇਸ਼ ਫਰਾਰ ਹੋਣ ਦੀ ਤਿਆਰੀ ਵਿੱਚ ਸੀ। ਇਸੇ ਲਈ ਦਿੱਲੀ ਜਾ ਰਿਹਾ ਸੀ ਪਰ ਪੁਲਿਸ ਨੇ ਰਾਹ ਵਿੱਚੋਂ ਹੀ ਦੋਵਾਂ ਨੂੰ ਕਾਬੂ ਕਰ ਲਿਆ।
ਵਿਦੇਸ਼ ਜਾਣ ਲਈ ਭੁਪਿੰਦਰ ਨੇ ਬਰੇਲੀ ਤੋਂ ਪਾਸਪੋਰਟ ਤੇ ਆਧਾਰ ਕਾਰਡ ਬਣਵਾਇਆ ਸੀ। ਉਹ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰਾਖੰਡ ਤੇ ਗੁਜਰਾਤ ਪੁਲਿਸ ਨੂੰ ਕਈ ਸਾਲਾਂ ਤੋਂ ਲੋੜੀਂਦਾ ਸੀ। ਉਸ ਦੇ ਸਾਲੇ ’ਤੇ ਉਸ ਨੂੰ ਪਨਾਹ ਦੇਣ ਦੇ ਇਲਜ਼ਾਮ ਹਨ। ਪੁਲਿਸ ਨੇ ਸਾਲੇ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਹੈ।
ਜਾਣਕਾਰੀ ਮੁਤਾਬਕ ਭੁਪਿੰਦਰ ਨੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਕਾਲਜ ਤੋਂ ਬੀਸੀਏ ਦਾ ਡਿਪਲੋਮਾ ਕੀਤੀ ਤੇ ਇਸ ਤੋਂ ਬਾਅਦ ਕਿਸੇ ਕੰਪਨੀ ਵਿੱਚ ਕੰਮ ਕੀਤਾ। ਉਸ ਤੋਂ ਬਾਅਦ ਬਠਿੰਡਾ ਦੇ ਚਾਰ ਸਾਥੀਆਂ ਨਾਲ ਮਿਲ ਕੇ ਏਟੀਐਮ ਰਾਬਰ ਗੈਂਗ ਬਣਾ ਲਿਆ। ਪਹਿਲੀ ਵਾਰਦਾਤ ਨੂੰ ਅੰਜਾਮ ਦੇਣ ਬਾਅਦ ਉਸ ਨੇ ਕਾਰ ਖਰੀਦੀ।
ਭੁਪਿੰਦਰ ਨੇ ਏਟੀਐਮ ਹੈਕ ਕਰਕੇ ਗੰਗਾਨਗਰ ਦੇ 3 ATM ਤੋਂ 50 ਲੱਖ ਰੁਪਏ, ਦੇਹਰਾਦੂਨ ਦੇ ATM ਤੋਂ 17 ਲੱਖ, ਬੜੌਦਾ ਦੇ ATM ਤੋਂ 10 ਲੱਖ ਤੇ ਕੋਟਾ ਦੇ ATM ਤੋਂ 11 ਲੱਖ ਤੋਂ ਇਲਾਵਾ ਪੰਜਾਬ, ਹਰਿਆਣਾ ਤੇ ਉੱਤਰਾਖੰਡ ਦੇ ਡੇਢ ਦਰਜਨ ਤੋਂ ਵੱਧ ATM ਲੁੱਟੇ। ਉਸ ਨੂੰ 2016 ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ। ਅਦਾਲਤ ਨੇ ਉਸ ਨੂੰ 14 ਜਨਵਰੀ ਤਕ ਰਿਮਾਂਡ ’ਤੇ ਭੇਜ ਦਿੱਤਾ ਹੈ।