ਬਠਿੰਡਾ ਸ਼ਹਿਰ ਦੇ ਬੰਗੀ ਨਗਰ 'ਚ ਰੇਲਵੇ ਲਾਈਨ ਨੇੜੇ ਰਹਿੰਦੀ ਹੈ ਸ਼ਿੰਦਰ ਕੌਰ। ਭਾਂਵੇ ਕੁਦਰਤ ਨੇ ਜ਼ਿੰਦਗੀ ਦਾ ਹਰ ਦਰਦ ਦੇਣ ਦੀ ਪੂਰੀ ਵਾਹ ਲਾਈ ਹੈ ਪਰ ਸ਼ਿੰਦਰ ਕੌਰ ਦੇ ਇਰਾਦਿਆਂ ਅਤੇ ਹੌਸਲੇ ਅੱਗੇ ਹਰ ਗਮ ਤੇ ਦਰਦ ਦਾ ਕੱਦ ਛੋਟਾ ਪੈ ਜਾਂਦਾ ਹੈ।

ਸ਼ਿੰਦਰ ਕੌਰ ਦੇ ਘਰ ਜਦੋਂ ਏਬੀਪੀ ਦੀ ਟੀਮ ਨੇ ਬੀਤੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਦਸਤਕ ਦਿੱਤੀ ਤਾਂ ਉਸ ਦੀ ਜ਼ਿੰਦਗੀ ਦੇ ਕੁਝ ਅਣਕਹੇ ਤੇ ਅਣਸੁਲਝੇ ਜਿਹੇ ਸਵਾਲ ਸਾਹਮਣੇ ਆਏ, ਜਿਹੜੇ ਉਸ ਦੇ ਹਰ ਹਾਲ ਵਿੱਚ ਹੌਸਲਾ ਨਾ ਹਾਰਨ ਦੀ ਗਵਾਹੀ ਭਰਦੇ ਹਨ। ਸ਼ਿੰਦਰ ਕੌਰ ਬਚਪਨ ਤੋਂ ਹੀ ਮੁਡਿੰਆਂ ਵਾਂਗ ਰਹਿੰਦੀ ਸੀ ਤੇ ਪੱਗ ਵੀ ਬੰਨ੍ਹਦੀ ਹੈ।

ਗਰੀਬ ਪਰਿਵਾਰ 'ਚ ਜਨਮੀ ਸ਼ਿੰਦਰ ਕੌਰ ਦੇ ਸਾਰੇ ਸਧਰਾਂ ਤੇ ਚਾਅ ਉਦੋਂ ਧਰੇ ਧਰਾਏ ਰਹਿ ਗਏ ਜਦੋਂ ਉਸਦੀ ਸ਼ਾਦੀ ਇਕ ਸ਼ਰਾਬੀ ਵਿਅਕਤੀ ਨਾਲ ਹੋ ਗਈ। ਕੁੱਟਮਾਰ ਤੇ ਗਾਲ਼ੀਘਸੁੰਨਾਂ ਤੇ ਚਪੇੜਾਂ ਦੀ ਸ਼ਾਪ ਥੱਲੇ ਉਸਨੇ ਉਸ ਵਿਅਕਤੀ ਨਾਲ 8 ਸਾਲ ਕੱਟੇ ਤੇ 4 ਬੱਚਿਆਂ ਨੂੰ ਜਨਮ ਦਿੱਤਾ। ਕੁਦਰਤ ਹਾਲੇ ਵੀ ਸ਼ਾਇਦ ਉਸਤੋਂ ਨਰਾਜ਼ ਸੀ ਉਸਦੇ ਦੋ ਬੱਚਿਆਂ ਦੀ ਮੌਤ ਹੋ ਗਈ। ਫਿਰ ਭਤੀਜੀ ਗੋਦ ਲਈ ਤੇ ਆਪਣੇ ਵੀ ਇੱਕ ਧੀ ਹੋਈ ਪਤੀ ਦੀ ਰੋਜ਼ਾਨਾ ਕੁੱਟਮਾਰ ਤੋਂ ਤੰਗ ਆਕੇ ਉਸਨੇ ਤਲਾਕ ਲੈਣ ਦਾ ਫੈਸਲਾ ਕੀਤਾ।

ਤਲਾਕ ਤੋਂ ਬਾਦ ਸ਼ਿੰਦਰ ਕੌਰ ਮਜ਼ਦੂਰੀ ਕਰਨ ਲੱਗ ਪਈ, ਇੱਟਾਂ ਢੋਹਣੀਆਂ, ਹੱਡ ਭੰਨਵੀ ਮਿਹਨਤ ਕਰਨੀ ਪਰ ਤਲਾਕਸ਼ੁਦਾ ਔਰਤ ਹੋਵੇ ਤਾਂ ਸਮਾਜ ਚੈਨ ਨਾਲ ਜਿਉਣ ਵੀ ਨਹੀਂ ਦਿੰਦਾ। ਪਰ ਸ਼ਿੰਦਰ ਕੌਰ ਨੇ ਆਪਣਿਆਂ ਬੱਚਿਆਂ ਖਾਤਰ ਮਰਦਾਂ ਵਾਲਾਂ ਹਰ ਕੰਮ ਕੀਤਾ। ਮਜ਼ਦੂਰੀ ਕੀਤੀ, ਢਾਬਾ ਵੀ ਖੋਲ੍ਹਿਆ, ਲਗਾਤਾਰ ਸਮਾਜ ਤੇ ਹਾਲਾਤਾਂ ਨਾਲ ਦੋ ਹੱਥ ਹੁੰਦੀ ਰਹੀ। ਇਸ ਦੇ ਨਾਲ ਕਰਜ਼ੇ ਦੀ ਪੰਡ ਵੀ ਭਾਰੀ ਹੁੰਦੀ ਗਈ ਪਰ ਸ਼ਿੰਦਰ ਨੇ ਹਿੰਮਤ ਨਹੀਂ ਹਾਰੀ ਤੇ ਇੱਕ ਕਮਾਊ ਪੁੱਤ ਬਣ ਕੇ ਵਿਖਾਇਆ।

ਸ਼ਿੰਦਰ ਕੌਰ ਆਪਣੇ ਇਲਾਕੇ 'ਚ ਹੀ ਨਹੀ ਬਲਕਿ ਪੂਰੇ ਬਠਿੰਡੇ ਵਿੱਚ ਆਪਣੇ ਨਿਵੇਕਲੇ ਸੁਭਾਅ ਅਤੇ ਕੁਝ ਵੀ ਕਰ ਗੁਜਰਨ ਦੀ ਆਦਤ ਸਦਕਾ ਇੱਕ ਵੱਖਰੀ ਪਛਾਣ ਬਣਾਈ ਬੈਠੀ ਹੈ। ਸ਼ਿੰਦਰ ਕੌਰ ਬਠਿੰਡਾ ਦੀ ਇਕਲੌਤੀ ਮਹਿਲਾ ਆਟੋ ਚਾਲਕ ਹੈ। ਸ਼ਿੰਦਰ ਦਾ ਭਰਾ ਬਾਲ ਬੱਚਿਆਂ ਵਾਲਾ ਹੈ। ਉਹ ਆਪਣੇ ਭਰਾ 'ਤੇ ਵੀ ਬੋਝ ਨਹੀਂ ਬਨਣਾ ਚਾਹੁੰਦੀ ਸਗੋਂ ਉਸ ਨੇ ਮਾਂ ਨੂੰ ਵੀ ਆਪਣੇ ਨਾਲ ਹੀ ਰੱਖ ਲਿਆ।

ਆਪਣਾ ਕੰਮ ਹੋਣ ਦੇ ਬਾਵਜੂਦ ਵੀ ਸ਼ਿੰਦਰ ਕੌਰ ਨੂੰ ਮਰਦਾਂ ਦੀ ਪ੍ਰਧਾਨਗੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਸ ਨੂੰ ਆਟੋ ਸਟੈਂਡ 'ਤੇ ਖੜ੍ਹੇ ਹੋਣ ਦਿੱਤਾ ਜਾਂਦਾ ਹੈ ਅਤੇ ਨਾ ਹੀ ਹੋਰ ਚਾਲਕਾਂ ਤੋਂ ਕੋਈ ਸਹਿਯੋਗ ਹੀ ਮਿਲਦਾ ਹੈ। ਪਰ ਮਸਤ ਮੌਲਾ ਸ਼ਿੰਦਰ ਕੌਰ ਬਿਨਾ ਕਿਸੇ ਦੀ ਪਰਵਾਹ ਕੀਤਿਆਂ ਆਪਣਾ ਆਟੋ ਲੈਕੇ ਨਿਕਲ ਤੁਰਦੀ ਹੈ। ਉਸ ਦੇ ਆਟੋ ਵਿੱਚ ਸਵਾਰ ਹੋ ਕੇ ਲੜਕੀਆਂ ਵਧੇਰੇ ਸੁਰੱਖਿਅਤ ਮਹਿਸੂਸ ਕਰਦੀਆਂ ਹਨ ਤੇ ਸਵਾਰੀਆਂ ਵੀ ਉਸ ਦੇ ਹੌਸਲੇ ਤੇ ਦਲੇਰੀ ਦੀ ਦਾਦ ਦਿੰਦੀਆਂ ਹਨ।

ਸ਼ਿੰਦਰ ਕੌਰ ਦੀ ਹਿੰਮਤ ਨੇ ਜਿੱਥੇ ਮਰਦਾਂ ਦੇ ਜੁਲਮ ਖਿਲਾਫ ਇੱਕ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ ਉੱਥੇ ਹੀ ਉਸ ਨੇ ਕਿਸੇ ਅੱਗੇ ਹੱਥ ਅੱਡਣ ਦੀ ਬਜਾਇ ਹੱਥੀ ਮਿਹਨਤ ਕਰ ਕੇ ਇਹ ਸਾਬਤ ਕਰ ਦਿੱਤਾ ਕਿ ਔਰਤ ਕਿਸੇ ਵੀ ਪੱਖੋ ਮਰਦਾਂ ਨਾਲੋਂ ਘੱਟ ਨਹੀਂ। ਉਸ ਨੇ ਔਰਤਾਂ ਲਈ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ।

ਸ਼ਿੰਦਰ ਕੌਰ ਦਾ ਪੂਰਾ ਇੰਟਰਵਿਊ ਹੇਠ ਦਿੱਤੇ ਲਿੰਕ 'ਤੇ ਜਾ ਕੇ ਵੇਖ ਸਕਦੇ ਹੋ-

[embed]https://www.facebook.com/abpsanjha/videos/1315873948446371/[/embed]