ਜਲੰਧਰ: ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕਾਂਗਰਸ ਸਰਕਾਰ ਨੂੰ ਘੇਰਿਆ। ਖਹਿਰਾ ਨੇ ਕਿਹਾ ਕਿ ਹੁਣ ਅਜਿਹਾ ਲੱਗ ਰਿਹਾ ਹੈ ਕਿ ਨਾਜਾਇਜ਼ ਮਾਈਨਿੰਗ 'ਤੇ ਸਾਰੀ ਕਾਰਵਾਈ ਉਦੋਂ ਹੋਵੇਗੀ ਜਦੋਂ ਮੁੱਖ ਮੰਤਰੀ ਖ਼ੁਦ ਉੱਡ ਕੇ ਵੇਖਣਗੇ। ਖਹਿਰਾ ਨੇ ਜੰਗ-ਏ-ਆਜ਼ਾਦੀ ਨੂੰ ਸਫੇਦ ਹਾਥੀ ਦੱਸਦਿਆਂ ਕੈਪਟਨ ਸਰਕਾਰ 'ਤੇ ਸ਼ਬਦੀ ਹਮਲੇ ਕੀਤੇ।

ਸੁਖਪਾਲ ਖਹਿਰਾ ਨੇ ਕਰਤਾਰਪੁਰ ਵਿੱਚ ਬਣਾਏ ਗਏ ਸ਼ਹੀਦਾਂ ਦੀ ਯਾਦਗਾਰ 'ਤੇ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਜੰਗ-ਏ-ਆਜ਼ਾਦੀ ਦੀ ਨਹੀਂ ਬਲਕਿ ਸਕੂਲਾਂ ਤੇ ਹਸਪਤਾਲਾਂ ਦੀ ਲੋੜ ਹੈ ਤਾਂ ਜੋ ਲੋਕਾਂ ਦੀ ਭਲਾਈ ਹੋ ਸਕੇ। ਉਨ੍ਹਾਂ ਇਸ ਯਾਦਗਾਰ ਨੂੰ ਸਫੇਦ ਹਾਥੀ ਕਿਹਾ। ਖਹਿਰਾ ਨੇ ਇਲਜ਼ਾਮ ਲਾਇਆ ਕਿ ਪਹਿਲਾਂ ਬਾਦਲ ਇਸ ਯਾਦਗਾਰ ਨੂੰ ਬਣਾਉਣ ਦਾ ਪੱਜ ਲਾ ਕੇ 50 ਕਰੋੜ ਰੁਪਏ ਦਾ ਗ਼ਬਨ ਕਰ ਚੁੱਕੇ ਹਨ।

ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਹਿਲਾਂ ਦਸ ਸਾਲ ਅਕਾਲੀ ਦਲ ਨੇ ਪੰਜਾਬ ਵਿੱਚ ਮਾਫੀਆ ਰਾਜ ਚਲਾਇਆ, ਹੁਣ ਵੀ ਉਵੇਂ ਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਟਵੀਟ ਤੋਂ ਬਾਅਦ ਕਿਸ-ਕਿਸ 'ਤੇ ਕਾਰਵਾਈ ਕੀਤੀ ਗਈ, ਬੇਸ਼ੱਕ ਉਹ ਕਿਸੇ ਪਾਰਟੀ ਨਾਲ ਸਬੰਧਤ ਹੋਣ, ਇਸ ਬਾਰੇ ਦੱਸਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਮਾਈਨ ਮਨਜ਼ੂਰ ਕਰਵਾ ਕੇ ਇਹ ਲੋਕ ਛੇ-ਛੇ ਖੱਡਾਂ ਚਲਾ ਰਹੇ ਹਨ।

ਖਹਿਰਾ ਨੇ ਕਿਹਾ ਕਿ ਨਦੀਆਂ ਦਾ ਇਹ ਬਲਾਤਕਾਰ ਰੋਕਣ ਲਈ ਸਰਬ ਪਾਰਟੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਕਮੇਟੀ ਇਨ੍ਹਾਂ ਖੱਡਾਂ ਦੀ ਜਾਂਚ ਖ਼ੁਦ ਕਰ ਸਕੇ ਤਾਂ ਜੋ ਗ਼ੈਰਕਾਨੂੰਨੀ ਮਾਈਨਿੰਗ ਰੋਕੀ ਜਾ ਸਕੇ।