ਪੰਚਕੂਲਾ: ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਖਾਸ-ਮ-ਖਾਸ ਰਾਮ ਮੂਰਤੀ ਡੇਰੇ ਵੱਲੋਂ ਚਲਾਏ ਜਾ ਰਹੇ ਲੈਂਡ ਮਾਫੀਆ ਨੈੱਟਵਰਕ ਦੇ ਮਾਮਲੇ 'ਚ ਜ਼ਮਾਨਤ ਲੈਣ ਲਈ 40 ਲੱਖ ਦੀ ਬੈਂਕ ਗਰੰਟੀ ਰੱਖਣ ਲਈ ਤਿਆਰ ਹੈ। ਰਾਮ ਮੂਰਤੀ ਵੱਲੋਂ ਲਾਈ ਗਈ ਜ਼ਮਾਨਤ ਅਰਜ਼ੀ 'ਚ ਉਹ 40 ਲੱਖ ਰੁਪਏ ਬੈਂਕ 'ਚ ਰੱਖਣ ਲਈ ਤਿਆਰ ਹੈ। ਹਾਲਾਂਕਿ ਰਾਮ ਮੂਰਤੀ 'ਤੇ ਇਲਜ਼ਾਮ ਹਨ ਕਿ ਉਸ ਨੇ ਸ਼ਿਕਾਇਤਕਰਤਾ ਅਜੇਵੀਰ ਤੋਂ ਡਰਾ-ਧਮਕਾ ਕੇ 40 ਲੱਖ ਰੁਪਏ ਜ਼ਬਰਦਸਤੀ ਲਏ ਸੀ। ਇਸ ਸਬੰਧੀ ਪੰਚਕੂਲਾ ਪੁਲਿਸ ਨੇ 28 ਫਰਵਰੀ ਨੂੰ ਮਾਮਲਾ ਦਰਜ ਕੀਤਾ ਸੀ।

ਮਾਮਲੇ ਦੇ ਚੱਲਦਿਆਂ ਰਾਮ ਰਹੀਮ ਦੇ ਖਾਸ ਰਾਮ ਮੂਰਤੀ ਨੇ ਆਪਣੀ ਅਗਾਉਂ ਜ਼ਮਾਨਤ ਦੀ ਅਰਜ਼ੀ ਪੰਚਕੂਲਾ ਅਦਾਲਤ 'ਚ ਦਾਖਲ ਕੀਤੀ ਹੈ। ਜ਼ਮਾਨਤ ਦੀ ਅਰਜ਼ੀ 'ਚ ਰਾਮ ਮੂਰਤੀ ਨੇ ਕਿਹਾ ਕਿ ਉਹ 40 ਲੱਖ ਬੈਂਕ 'ਚ ਗਰੰਟੀ ਵਜੋਂ ਜਮ੍ਹਾ ਕਰਾਉਣ ਨੂੰ ਤਿਆਰ ਹੈ, ਜੇਕਰ ਕੇਸ ਦਾ ਫੈਸਲਾ ਅਜੇਵੀਰ ਦੇ ਹੱਕ 'ਚ ਆਉਂਦਾ ਹੈ ਤਾਂ ਪੈਸੇ ਉਸ ਨੂੰ ਦਿੱਤੇ ਜਾਣ। ਉਸ ਨੇ ਇਹ ਵੀ ਕਿਹਾ ਕਿ ਇਹ ਪੈਸੇ ਬੈਂਕ ਗਰੰਟੀ, ਫਿਕਸਡ ਡਿਪੋਜ਼ਿਟ ਜਾਂ ਡਿਮਾਂਡ ਡਰਾਫਟ ਵਜੋਂ ਰੱਖਣ ਲਈ ਤਿਆਰ ਹੈ।

ਰਾਮ ਮੂਰਤੀ ਦੇ ਇਸ ਦਾਅ ਨੇ ਪੰਚਕੂਲਾ ਦੀ ਅਦਾਲਤ 'ਤੇ ਕੁਝ ਖਾਸ ਪ੍ਰਭਾਵ ਨਾ ਪਾਇਆ। ਅਦਾਲਤ ਨੇ ਮੂਰਤੀ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਲਈ ਇਨਕਾਰ ਕਰ ਦਿੱਤਾ ਹੈ। ਰਾਮ ਰਹੀਮ ਦਾ ਇਹ ਖਾਸ ਪ੍ਰੇਮੀ ਬਿਲਡਰ ਅਜੇਵੀਰ ਨੂੰ ਜ਼ਮੀਨ ਦਾ ਮਸਲਾ ਸੁਲਝਾਉਣ ਲਈ ਡੇਰਾ ਮੁਖੀ ਕੋਲ ਲੈ ਕੇ ਗਿਆ ਸੀ, ਜਿੱਥੇ ਅਜੇਵੀਰ ਨੂੰ ਧਮਕਾ ਕੇ ਜ਼ਮੀਨ ਨਾਮ ਕਰਨ ਨੂੰ ਕਿਹਾ ਗਿਆ ਸੀ।

ਹਾਲਾਂਕਿ, ਪੁਲਿਸ ਨੇ ਰਾਮ ਰਹੀਮ ਦੇ ਵਕੀਲ ਤੇ ਉਸ ਦੇ ਦੋ ਖਾਸ ਪ੍ਰੇਮੀਆਂ ਸਮੇਤ 40 ਲੋਕਾਂ 'ਤੇ ਜ਼ਮੀਨ ਹੜਪਣ ਦਾ ਮਾਮਲੇ 28 ਫਰਵਰੀ ਨੂੰ ਦਰਜ ਕਰ ਲਿਆ ਸੀ, ਪਰ ਹਾਲੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ। ਰਾਮ ਮੂਰਤੀ 'ਤੇ ਇਲਜ਼ਾਮ ਹਨ ਕਿ ਅਜਵੀਰ ਦੀ ਜ਼ਮੀਨ ਹੜੱਪਣ ਦੇ ਬਾਵਜੂਦ ਉਸ ਨੇ 40 ਲੱਖ ਦੀ ਰਕਮ ਉਸ ਤੋਂ ਜ਼ਬਰਦਸਤੀ ਲਈ।