ਫ਼ਿਰੋਜ਼ਪੁਰ: ਮਹਿਲਾ ਸਸ਼ਕਤੀਕਰਨ ਦਿਵਸ `ਤੇ ਪ੍ਰਸ਼ਾਸਨਿਕ ਤੇ ਕਾਂਗਰਸੀ ਵਿਧਾਇਕ ਵੱਲੋਂ ਸਸ਼ਕਤੀਕਰਨ ਦੌੜ ਕਰਵਾ ਕੇ ਮਹਿਲਾਵਾਂ ਦੀ ਸੋਚ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਹੀ ਇਸ ਦਿਨ ਦੀ ਦੂਸਰੀ ਤਸਵੀਰ ਤੁਹਾਨੂੰ ਦਿਖਾਈਏ, ਜਿੱਥੇ ਬਜ਼ੁਰਗ ਔਰਤਾਂ ਮੁਢਲੀਆਂ ਜ਼ਰੂਰਤਾਂ ਤੋਂ ਸੱਖਣੀਆਂ ਰਹਿਣ ਲਈ ਮਜਬੂਰ ਹਨ। ਫ਼ਿਰੋਜ਼ਪੁਰ ਕੈਂਟ ਵਿੱਚ ਬਣੇ ਬਿਰਧ ਆਸ਼ਰਮ ਵਿੱਚ ਬੇਸਹਾਰਾਂ ਔਰਤਾਂ ਦੀ ਤਕਲੀਫ ਸਰਕਾਰ ਨੂੰ ਵਿਖਾਈ ਨਹੀਂ ਦੇ ਰਹੀ। ਆਸ਼ਰਮ ਵਿੱਚ ਤਕਰੀਬਨ 10 ਔਰਤਾਂ ਰਹਿੰਦੀਆਂ ਹਨ ਤੇ ਇੱਥੇ 15 ਕੁ ਕਮਰੇ ਹਨ। ਆਸ਼ਰਮ ਬਣਾਉਣ ਵਾਲੀ ਸੰਸਥਾ ਇੱਥੇ ਬੇਸਹਾਰਾ ਲੋਕਾਂ ਨੂੰ ਰਹਿਣ ਲਈ ਛੱਤ ਤਾਂ ਦੇ ਰਹੀ ਹੈ, ਪਰ ਸਮਾਜਕ ਸੁਰੱਖਿਆ ਦੇਣ ਵਿੱਚ ਸਰਕਾਰ ਦੇ ਪ੍ਰਸ਼ਾਸਨ ਫੇਲ੍ਹ ਦਿਖਾਈ ਦੇ ਰਹੇ ਹਨ। ਆਸ਼ਰਮ ਵਿੱਚ ਰਹਿਣ ਵਾਲੀਆਂ ਬਜ਼ੁਰਗ ਔਰਤਾਂ ਦਵਾਈਆਂ, ਬਿਜਲੀ ਆਦਿ ਸਹੂਲਤਾਂ ਲਈ ਦੋ-ਚਾਰ ਹੋ ਰਹੀਆਂ ਹਨ, ਪ੍ਰੰਤੂ ਇਨ੍ਹਾਂ ਨੂੰ ਪ੍ਰਸ਼ਾਸਨ, ਸਰਕਾਰ ਜਾਂ ਸਿਆਸੀ ਪਾਰਟੀ ਵੱਲੋਂ ਅਜੇ ਤਕ ਕੋਈ ਵੀ ਮਦਦ ਨਹੀਂ ਦਿੱਤੀ ਜਾ ਰਹੀ। ਇਨ੍ਹਾਂ ਬਜ਼ੁਰਗਾਂ ਨੂੰ ਸਿਰ 'ਤੇ ਛੱਤ ਤਾਂ ਮਿਲ ਗਈ ਪਰ ਜਿਉਣ ਲਈ ਹੋਰ ਖਰਚਿਆਂ ਜਿਵੇਂ ਬਿਜਲੀ ਦਾ ਬਿਲ, ਰੋਟੀ ਤੇ ਦਵਾਈਆਂ ਆਦਿ ਦੇ ਖਰਚ ਮੁਸ਼ਕਿਲ ਨਾਲ ਕਰਦੇ ਹਨ। ਕਈ ਔਰਤਾਂ ਕੱਪੜੇ ਸਿਉਂ ਕੇ ਥੋੜ੍ਹਾ ਬਹੁਤ ਕਮਾ ਲੈਂਦੀਆਂ ਹਨ, ਪਰ ਬਿਰਧ ਹੋਣ ਕਰ ਕੇ ਜ਼ਿਆਦਾਤਰ ਕੰਮ ਕਰਨ ਤੋਂ ਅਸਮਰਥ ਹਨ। ਜਦੋਂ ਵੂਮੈਨ ਡੇਅ `ਤੇ ਸ਼ਹਿਰ ਵਿੱਚ ਕੱਢੀ ਮੈਰਾਥਨ ਦੀ ਅਗਵਾਈ ਕਰਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੂੰ ਬੇਸਹਾਰਾ ਔਰਤਾਂ ਦੇ ਅਧਿਕਾਰਾਂ ਬਾਰੇ ਪੁੱਛਿਆ ਤਾਂ ਉਹ ਜਵਾਬ ਦੇਣ ਦੀ ਬਜਾਇ ਗੱਲ ਧਿਆਨ ਵਿੱਚ ਲਿਆਉਣ ਦਾ ਸ਼ੁਕਰੀਆ ਕਰਦਿਆਂ ਛੇਤੀ ਸਹੂਲਤ ਦੇਣ ਦੀ ਗੱਲ ਕਰਦਿਆਂ ਤੁਰਦੇ ਬਣੇ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਔਰਤਾਂ ਨੂੰ ਬਰਾਬਰਤਾ ਦੇ ਅਧਿਕਾਰ ਦੇਣ ਦਾ ਦਾਅਵਾ ਕਰਦਿਆਂ ਡਿਪਟੀ ਕਮਿਸ਼ਨਰ ਰਾਮਵੀਰ ਕੋਲ ਵੀ ਇਸ ਬਿਰਧ ਆਸ਼ਰਮ ਦੀਆਂ ਬੇਵੱਸ ਔਰਤਾਂ ਨੂੰ ਦੋ ਵਕਤ ਦੀ ਰੋਟੀ, ਬਿਜਲੀ ਦੇ ਬਿਲ ਤੇ ਦਵਾਈਆਂ ਦੀ ਸਹੂਲਤ ਨਾ ਪਹੁੰਚਣ ਦੇ ਸਵਾਲ ਦਾ ਪੁਖ਼ਤਾ ਜਵਾਬ ਨਹੀਂ ਸੀ। ਸਮੱਸਿਆਵਾਂ ਨਾਲ ਦੋ-ਚਾਰ ਹੋ ਰਹੀਆਂ ਬਿਰਧ ਆਸ਼ਰਮ ਦੀਆਂ ਬਜ਼ੁਰਗ ਔਰਤਾਂ ਨੇ ਅਜਿਹੇ ਮੈਰਾਥਨ ਨੂੰ ਵਿਅਰਥ ਕਰਾਰ ਦਿੰਦਿਆਂ ਇਸ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਿਆਸੀ ਆਗੂਆਂ ਵੱਲੋਂ ਵਾਹ-ਵਾਹੀ ਖੱਟਣਾ ਕਰਾਰ ਦਿੱਤਾ। ਔਰਤਾਂ ਨੇ ਕਿਹਾ ਕਿ ਬਜ਼ੁਰਗ ਅਵਸਥਾ ਵਿੱਚ ਜਿੱਥੇ ਉਹ ਆਪਣੇ ਬੱਚਿਆਂ ਤੋਂ ਮੁਥਾਜ ਹੋ ਗਈਆਂ, ਉੱਥੇ ਆਸ਼ਰਮ ਨੂੰ ਪ੍ਰਸ਼ਾਸਨ ਜਾਂ ਸਰਕਾਰ ਨੇ ਅਣਗੌਲਿਆ ਕੀਤਾ ਹੋਇਆ ਹੈ। ਸਹੂਲਤਾਂ ਦੀ ਘਾਟ ਕਾਰਨ ਉਹ ਪ੍ਰੇਸ਼ਾਨੀ ਵਿੱਚ ਡੁੱਬੇ ਰਹਿੰਦੇ ਹਨ। ਬਜ਼ੁਰਗ ਔਰਤਾਂ ਨੇ ਕਿਹਾ ਕਿ ਮੈਰਾਥਨ `ਤੇ ਲੱਖਾਂ ਰੁਪਏ ਖਰਚਣ ਵਾਲੇ ਪ੍ਰਸ਼ਾਸਨਿਕ ਅਧਿਕਾਰੀ ਤੇ ਨੇਤਾ ਘੱਟੋ-ਘੱਟ ਉਨ੍ਹਾਂ ਦੀ ਬੇਵੱਸੀ ਨੂੰ ਦੇਖਦਿਆਂ ਬਿਜਲੀ ਦਾ ਬਿੱਲ ਤੇ ਦਵਾਈ ਆਦਿ ਦੀ ਸਹੂਲਤ ਹੀ ਦੇ ਦੇਣ ਤਾਂ ਜੋ ਉਹ ਵੀ ਆਪਣੇ-ਆਪ ਨੂੰ ਅਧਿਕਾਰ-ਵਿਹੂਣੇ ਨਹੀਂ ਸਗੋਂ ਮਾਣ ਨਾਲ ਜਿਉਂ ਸਕਣ।