ਚੰਡੀਗੜ੍ਹ: ਪੰਜਾਬ ਕੈਬਨਿਟ ਨੇ ਜੇਲ੍ਹਾਂ ਦੇ ਪ੍ਰਬੰਧ ਤੇ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਲਈ ਜੇਲ੍ਹ ਵਿਭਾਗ ਵਿੱਚ ਸਹਾਇਕ ਸੁਪਰਡੈਂਟਾਂ ਦੀਆਂ 20 ਤੇ ਵਾਰਡਨਾਂ ਦੀਆਂ 305 ਆਸਾਮੀਆਂ ਬਹਾਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਭਵਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ।
https://twitter.com/RT_MediaAdvPbCM/status/971360097740845056
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਛੇ ਮਹੀਨਿਆਂ ਤੋਂ ਜ਼ਿਆਦਾ ਸਮਾਂ ਖਾਲੀ ਰਹਿਣ ਕਾਰਨ ਇਹ ਅਸਾਮੀਆਂ ਖ਼ਤਮ ਹੋ ਗਈਆਂ ਸਨ। ਨਾਭਾ ਜੇਲ੍ਹ ਤੇ ਗੁਰਦਾਸਪੁਰ ਕੇਂਦਰੀ ਜੇਲ ਕਾਂਡ ਵਰਗੀਆਂ ਵਾਰਦਾਤਾਂ ਨੂੰ ਮੁੜ ਵਾਪਰਨ ਤੋਂ ਰੋਕਣ ਤੇ ਜੇਲ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੈਬਨਿਟ ਨੇ ਇਹ ਆਸਾਮੀਆਂ ਬਹਾਲ ਕਰਨ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਆਸਾਮੀਆਂ ਲਈ ਭਰਤੀ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਵੱਲੋਂ ਕੀਤੀ ਜਾਵੇਗੀ।
ਕੈਬਨਿਟ ਨੇ ਵਿਸ਼ੇਸ਼ ਕੇਸ ਵਜੋਂ ਵਿਚਾਰਦਿਆਂ ਐਵਰਸਟ ਚੋਟੀ ਸਰ ਕਰਨ ਵਾਲੇ ਪ੍ਰਿਥਵੀ ਸਿੰਘ ਚਾਹਲ ਨੂੰ ਪੰਜਾਬ ਪੁਲਿਸ ’ਚ ਡੀਐਸਪੀ ਨਿਯੁਕਤ ਕਰਨ ਨੂੰ ਹਰੀ ਝੰਡੀ ਦੇ ਦਿੱਤੀ। ਪ੍ਰਿਥਵੀ ਸਿੰਘ ਚਾਹਲ ਨੇ 17 ਸਾਲ, ਇੱਕ ਮਹੀਨੇ ਤੇ 23 ਦਿਨ ਦੀ ਉਮਰ ਵਿੱਚ ਐਵਰੈਸਟ ਚੋਟੀ ਸਰ ਕੀਤੀ ਸੀ। ਚਾਹਲ ਦੇ ਕੇਸ ਨੂੰ ਵਿਸ਼ੇਸ਼ ਤੌਰ ’ਤੇ ਵਿਚਾਰਦਿਆਂ ਕੈਬਨਿਟ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਐਡਵੈਂਚਰ ਸਪੋਰਟਸ ਨੂੰ ਉਤਸ਼ਾਹ ਮਿਲੇਗਾ।