ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਸਾਫ-ਸਫਾਈ ਦਾ ਕੰਮ ਵਿੱਢਿਆ ਗਿਆ ਹੈ। ਬਰਮਿੰਘਮ ਦੀ ਸਿੱਖ ਜਥੇਬੰਦੀ ਨਿਸ਼ਕਾਮ ਸੇਵਕ ਜਥਾ ਵੱਲੋਂ ਇਹ ਸੇਵਾ ਕਰਵਾਈ ਜਾ ਰਹੀ ਹੈ। ਸੋਨੇ ਦੀ ਸਫ਼ਾਈ ਤੇ ਧੁਆਈ ਦੀ ਸੇਵਾ ਅਗਲੇ 10 ਦਿਨ ਚੱਲੇਗੀ।

ਇਹ ਸੇਵਾ ਨਿਸ਼ਕਾਮ ਸੇਵਕ ਜਥੇ ਦੇ 35 ਮੈਂਬਰ ਕਰ ਰਹੇ ਹਨ। ਉਹ ਰੀਠੇ ਦੇ ਪਾਣੀ ਨਾਲ ਸੋਨੇ ਦੇ ਪੱਤਰਿਆਂ ਦੀ ਸਫਾਈ ਤੇ ਧੁਆਈ ਕਰਨਗੇ। ਇਸ ਦੌਰਾਨ ਕੋਈ ਵੀ ਰਸਾਇਣ ਨਹੀਂ ਵਰਤਿਆ ਜਾਵੇਗਾ। ਸ੍ਰੀ ਹਰਿਮੰਦਰ ਸਾਹਿਬ ’ਤੇ ਲੱਗੇ ਇਸ ਸੋਨੇ ਦੀ ਸੇਵਾ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੀਤੀ ਗਈ ਸੀ ਤੇ ਦੂਜੀ ਵਾਰ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵੱਲੋਂ ਕੀਤੀ ਗਈ ਸੀ। ਇਹ ਸੇਵਾ 1999 ਵਿੱਚ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਮੌਕੇ ਮੁਕੰਮਲ ਹੋਈ ਸੀ।

ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਲੱਗੇ ਹੋਏ ਸੋਨੇ ਦੇ ਪੱਤਰੇ ਸੰਭਾਲ ਕੇ ਰੱਖੇ ਗਏ ਹਨ। ਦੂਜੀ ਵਾਰ ਸੋਨੇ ਦੇ ਪੱਤਰਿਆਂ ਦੀ ਹੋਈ ਸੇਵਾ ਤੋਂ ਕੁਝ ਵਰ੍ਹੇ ਮਗਰੋਂ ਹੀ ਇਹ ਪੱਤਰੇ ਲਾਲ ਭਾਅ ਮਾਰਨ ਲੱਗ ਪਏ ਸਨ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਦੀ ਚਮਕ ਬਰਕਰਾਰ ਰੱਖਣ ਲਈ ਨਿਰੰਤਰ ਯਤਨ ਸ਼ੁਰੂ ਕੀਤੇ ਗਏ ਸਨ। ਇਸ ਤਹਿਤ ਹੁਣ ਹਰ ਵਰ੍ਹੇ ਨਿਸ਼ਕਾਮ ਸੇਵਕ ਜਥੇ ਵੱਲੋਂ ਹੀ ਇਨ੍ਹਾਂ ਪੱਤਰਿਆਂ ਦੀ ਧੁਆਈ ਤੇ ਸਫਾਈ ਦੀ ਸੇਵਾ ਕੀਤੀ ਜਾਂਦੀ ਹੈ।