ਚੰਡੀਗੜ੍ਹ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤੀ ਫੇਰੀ 'ਤੇ ਵਿਵਾਦ ਅਜੇ ਵੀ ਜਾਰੀ ਹੈ। ਹੁਣ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਨੇਤਾ ਜਗਮੀਤ ਸਿੰਘ ਨੇ ਕਿਹਾ ਹੈ ਕਿ ਜਸਪਾਲ ਅਟਵਾਲ ਮੁੱਦੇ ਦੀ ਸੱਚਾਈ ਜੋ ਵੀ ਹੈ, ਇਹ ਸਾਰਿਆਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਇਹ ਮੁੱਦਾ ਜੋ ਵੀ ਹੈ, ਇਸ ਲਈ ਕੌਣ ਜ਼ਿੰਮੇਵਾਰ ਹੈ ਭਾਰਤ ਜਾਂ ਕੈਨੇਡਾ? ਇਹ ਸਾਰੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਇਹ ਸਾਡੇ ਲੋਕਤੰਤਰ ਲਈ ਗੰਭੀਰ ਨੁਕਸਾਨ ਹੈ।
ਜਗਮੀਤ ਸਿੰਘ ਨੇ ਇਹ ਆਪਣੇ ਟਵਿੱਟਰ 'ਤੇ ਟਵੀਟ ਕੀਤਾ ਹੈ। ਆਪਣੇ ਟਵੀਟ 'ਚ ਜਗਮੀਤ ਨੇ ਕਿਹਾ ਕਿ ਸਰਕਾਰ ਨੂੰ ਇਸ ਮੁੱਦੇ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਸਾਰੇ ਕੈਨੇਡੀਅਨ ਦੇ ਸਾਹਮਣੇ ਸੱਚ ਲਿਆਉਣਾ ਚਾਹੀਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਫਰਵਰੀ ਨੂੰ 7 ਦਿਨਾਂ ਦੇ ਦੌਰੇ 'ਤੇ ਆਪਣੇ ਪਰਿਵਾਰ ਨਾਲ ਭਾਰਤ ਆਏ ਸੀ। ਕੈਨੇਡਾ ਤੋਂ ਵਫਦ ਵੀ ਭਾਰਤ ਆਇਆ ਸੀ।
ਇਸ ਦੌਰੇ ਦੌਰਾਨ ਟਰੂਡੋ ਦੀ ਡਿਨਰ ਪਾਰਟੀ ਵਿੱਚ ਕਥਿਤ ਖਾਲਿਸਤਾਨੀ ਹਮਾਇਤੀ ਜਸਪਾਲ ਅਟਵਾਲ ਨੂੰ ਸੱਦਾ ਦਿੱਤਾ ਸੀ। ਟਰੂਡੋ ਦੀ ਪਤਨੀ ਸੋਫੀ ਨਾਲ ਅਟਵਾਲ ਦੀ ਤਸਵੀਰ ਵੀ ਸਾਹਮਣੇ ਆਈ ਸੀ। ਇਸ ਤੋਂ ਬਾਅਦ ਇਹ ਮੁੱਦਾ ਭਖ ਗਿਆ। ਵਿਵਾਦ ਮਗਰੋਂ ਅਟਵਾਲ ਦਾ ਸੱਦਾ ਰੱਦ ਕਰ ਦਿੱਤਾ ਗਿਆ ਸੀ।