ਨਵੀਂ ਦਿੱਲੀ: ਚੀਨ ਭਾਰਤ ਨੂੰ ਘੇਰਾ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਦਰਅਸਲ ਭਾਰਤ ਦੀਆਂ ਅਮਰੀਕਾ ਨਾਲ ਨਜ਼ਦੀਕੀਆਂ ਕਰਕੇ ਚੀਨ ਨੂੰ ਲੱਗਦਾ ਹੈ ਕਿ ਭਾਰਤ ਉਸ ਦੇ ਰਾਹ ਦਾ ਪੱਥਰ ਬਣ ਸਕਦਾ ਹੈ। ਇਸੇ ਕਰਕੇ ਚੀਨ ਭਾਰਤ ਦੇ ਗੁਆਂਢੀਆਂ ਨਾਲ ਯਾਰੀ ਪਾਉਣ ਦੇ ਚੱਕਰ ਵਿੱਚ ਹੈ। ਹਿੰਦ ਮਹਾਸਾਗਰ ਵਿੱਚ ਵੀ ਆਪਣੀ ਫੌਜੀ ਮੌਜੂਦਗੀ ਨੂੰ ਵਧਾ ਰਿਹਾ ਹੈ। ਨੇਪਾਲ, ਬੰਗਲਾਦੇਸ਼ ਤੇ ਪਾਕਿਸਤਾਨ ਵਿੱਚ ਚੀਨ ਲਗਾਤਾਰ ਆਪਣੀ ਹਾਜ਼ਰੀ ਵਧਾ ਰਿਹਾ ਹੈ। ਸਾਫ ਹੈ ਕਿ ਚੀਨ ਆਉਣ ਵਾਲੇ ਸਮੇਂ ਵਿੱਚ ਭਾਰਤ 'ਤੇ ਦਬਾਅ ਪਾਉਣ ਦੀ ਤਿਆਰੀ ਕਰ ਰਿਹਾ ਹੈ।


ਹਿੰਦੁਸਤਾਨ ਨੂੰ ਘੇਰਨ ਲਈ ਚੀਨ ਨੇ ਸਟ੍ਰਿੰਗ ਆਫ ਪਰਲਸ ਤਹਿਤ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਚੀਨ ਨੇ ਭਾਰਤ ਦੇ ਗੁਆਂਢੀਆਂ ਨੂੰ ਆਰਥਿਕ ਮਦਦ ਤੇ ਤਰੱਕੀ ਦਾ ਲਾਲਚ ਦੇ ਕੇ ਨੇਪਾਲ ਤੋਂ ਲੈ ਕੇ ਬੰਗਲਾਦੇਸ਼ ਤੱਕ ਆਪਣੀ ਸਾਂਝੇਦਾਰੀ ਸ਼ੁਰੂ ਕਰ ਦਿੱਤੀ ਹੈ।

ਮਿਆਂਮਾਰ ਦੇ ਕਿਆਕਪਿਊ ਵਿੱਚ ਵੀ ਚੀਨ ਬੰਦਰਗਾਹ ਬਣਾ ਰਿਹਾ ਹੈ। ਉਸ ਦੀ ਥਿਲਾਵਾ ਬੰਦਰਗਾਹ 'ਤੇ ਵੀ ਚੀਨੀ ਫੌਜ ਦਾ ਆਉਣਾ-ਜਾਣਾ ਲੱਗਿਆ ਹੈ। ਅੰਡਮਾਨ ਨਿਕੋਬਾਰ ਤੋਂ ਤਕਰੀਬਨ 50 ਕਿਲੋਮੀਟਰ ਦੀ ਦੂਰੀ 'ਤੇ ਕੋਕੋ ਟਾਪੂ 'ਤੇ ਚੀਨ ਆਪਣੀ ਤਾਕਤ ਵਧਾ ਰਿਹਾ ਹੈ।

ਦਸੰਬਰ 2017 ਵਿੱਚ ਸ਼੍ਰੀਲੰਕਾ ਨੇ ਚੀਨ ਨੂੰ ਆਪਣੀ ਹੰਬਨਟੋਟਾ ਪੋਰਟ 99 ਸਾਲ ਲਈ ਦੇ ਦਿੱਤੀ ਸੀ। ਮਤਲਬ ਡ੍ਰੈਗਨ ਦੀ ਮੌਜੂਦਗੀ ਹਿੰਦ ਮਹਾਸਾਗਰ ਵਿੱਚ ਵਧਣ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਚੀਨ ਆਪਣੀ ਫੌਜ 'ਤੇ ਖਰਚਾ ਵੀ ਵਧਾ ਰਿਹਾ ਹੈ। ਚੀਨ ਦਾ ਪੂਰਾ ਫੋਕਸ ਇਸੇ 'ਤੇ ਹੈ ਕਿ ਕਿਸ ਤਰ੍ਹਾਂ ਭਾਰਤ 'ਤੇ ਦਬਾਅ ਵਧਾਇਆ ਜਾਵੇ।