ਚੰਡੀਗੜ੍ਹ: ਜਦ ਕੋਈ ਅਨਾਥ ਹੋ ਜਾਂਦਾ ਹੈ ਤਾਂ ਉਸ ਦੇ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਤਾਂ ਇੱਕ ਪਾਸੇ, ਜਿਊਣ ਦੀ ਆਸ ਵੀ ਮੱਧਮ ਜਿਹੀ ਪੈ ਜਾਂਦੀ ਹੈ। ਪਰ ਘੁਡਾਣੀ ਕਲਾਂ ਦੀ ਅਮਨ ਨੇ ਮਾਪਿਆਂ ਦੇ ਜਹਾਨੋਂ ਤੁਰ ਜਾਣ ਮਗਰੋਂ ਖ਼ੁਦ ਨੂੰ ਸਾਬਤ ਕਰ ਹੋਰਨਾਂ ਲਈ ਮਿਸਾਲ ਕਾਇਮ ਕੀਤੀ ਹੈ। ਅਮਨਿੰਦਰ ਕੌਰ ਅੱਜ ਕੱਲ੍ਹ ਕੈਨੇਡਾ ਦੇ ਐਬਸਟਫੋਰਡ ਵਿੱਚ ਪੁਲਿਸ ਕਮਿਸ਼ਨਰ ਦੇ ਤੌਰ 'ਤੇ ਕਾਰਜਸ਼ੀਲ ਹੈ।
ਅਮਨਿੰਦਰ ਦੇ ਪਿਤਾ ਜੋ ਹਰਬੰਸ ਸਿੰਘ ਬੋਪਾਰਾਏ ਜੋ ਪੰਜਾਬ ਵਿੱਚ ਪੁਲਿਸ ਕਪਤਾਨ ਵਜੋਂ ਤਾਇਨਾਤ ਸਨ, ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਪੰਜ ਸਾਲ ਬਾਅਦ ਅਮਨਿੰਦਰ ਦੇ ਮਾਤਾ ਵੀ ਕੈਂਸਰ ਕਾਰਨ ਚੱਲ ਵਸੇ। ਫਿਰ ਅਮਨਿੰਦਰ ਦੀ ਭੂਆ ਉਸ ਨੂੰ ਦੋਵਾਂ ਭੈਣਾ ਸਮੇਤ ਆਪਣੇ ਕੋਲ ਕੈਨੇਡਾ ਲੈ ਗਈ।
ਕੈਨੇਡਾ ਜਾ ਕੇ ਅਮਨਿੰਦਰ ਨੇ ਆਪਣੀ ਮਿਹਨਤ ਦੇ ਦਮ 'ਤੇ ਪੁਲਿਸ ਵਿਭਾਗ ਵਿੱਚ ਨੌਕਰੀ ਸ਼ੁਰੂ ਕੀਤੀ ਤੇ ਅੱਜ ਉਹ ਐਬਸਟਫੋਰਡ ਵਿੱਚ ਬਤੌਰ ਕਮਿਸ਼ਨਰ ਤਾਇਨਾਤ ਹੈ। ਅਮਨਿੰਦਰ ਦੇ ਪਿਤਾ ਦੇ ਦੋਸਤ ਉਜਾਗਰ ਸਿੰਘ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਸਾਡੇ ਪਿੰਡ ਦੀ ਧੀ ਨੇ ਪੂਰੀ ਦੁਨੀਆ ਵਿੱਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਨ ਨੇ ਪੰਜਾਬ ਦੀਆਂ ਧੀਆਂ ਤੇ ਮਾਪਿਆਂ ਲਈ ਬਿਹਤਰੀਨ ਉਦਾਹਰਣ ਪੇਸ਼ ਕੀਤਾ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਹਰਬੰਸ ਸਿੰਘ ਤੇ ਉਨ੍ਹਾਂ ਦੀ ਪਤਨੀ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਘਰ ਸੁੰਨਾ ਜਿਹਾ ਹੋ ਗਿਆ, ਪਰ ਅਮਨਿੰਦਰ ਦੀ ਆਪਣੀ ਕਾਮਯਾਬੀ ਨਾਲ ਇੱਥੇ ਫਿਰ ਠੰਢੀ ਹਵਾ ਦਾ ਬੁੱਲਾ ਆਇਆ ਹੈ। ਹਲਕਾ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਕਿਹਾ ਕਿ ਅਮਨਿੰਦਰ ਦੀ ਕਾਮਯਾਬੀ ਪੰਜਾਬੀਆਂ ਦੇ ਸੁਨਹਿਰੇ ਭਵਿੱਖ ਦੀ ਸ਼ੁਰੂਆਤ ਹੈ।