ਲੰਡਨ-ਭਾਰਤੀ ਮੂਲ ਦੇ ਸੀਨੀਅਰ ਪੁਲਿਸ ਅਧਿਕਾਰੀ ਨੀਲ ਬਾਸੂ ਨੂੰ ਬਰਤਾਨੀਆ ਦੀ ਸਕਾਟਲੈਂਡ ਯਾਰਡ ਦੇ ਅੱਤਵਾਦ ਵਿਰੋਧੀ ਵਿਭਾਗ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਸਕਾਟਲੈਂਡ ਯਾਰਡ ਦੇ ਅੱਤਵਾਦ ਵਿਰੋਧੀ ਵਿਭਾਗ ਦਾ ਇਹ ਅਹੁਦਾ ਇਸ ਮਹੀਨੇ ਖਾਲੀ ਹੋ ਰਿਹਾ ਹੈ।


ਨੀਲ ਬਾਸੂ ਜੋ ਵਰਤਮਾਨ ਸਮੇਂ ਮੈਟਰੋਪਾਲੀਟਨ ਪੁਲਿਸ ਉਪ ਸਹਾਇਕ ਕਮਿਸ਼ਨਰ ਤੇ ਯੂ. ਕੇ. ਦੇ ਅੱਤਵਾਦ ਵਿਰੋਧੀ ਪੁਲਿਸ ਵਿਭਾਗ ਦੇ ਸੀਨੀਅਰ ਨੈਸ਼ਨਲ ਕੋਆਰਡੀਨੇਟਰ ਹਨ, 21 ਮਾਰਚ ਨੂੰ ਆਪਣਾ ਨਵਾਂ ਅਹੁਦਾ ਸੰਭਾਲਣਗੇ।

ਬ੍ਰਿਟਿਸ਼ ਪੁਲਿਸ ਦੀ ਇਹ ਸਭ ਤੋਂ ਵੱਧ ਔਖੀ ਨੌਕਰੀ ਹੈ। ਬਾਸੂ ਦੇ ਪਿਤਾ ਭਾਰਤੀ ਮੂਲ ਦੇ ਹਨ, ਜੋ ਅਪਰਾਧ ਤੇ ਗੈਂਗ ਅਪਰਾਧੀ ਵਿਭਾਗ 'ਚ ਪੁਲਿਸ ਕਮਾਂਡਰ ਰਹਿ ਚੁੱਕੇ ਹਨ।

ਇਹ ਵਿਭਾਗ ਸੀਰੀਆ ਤੇ ਇਰਾਕ ਵਿਚਲੇ ਇਸਲਾਮਿਕ ਸਟੇਟ (ਆਈ. ਐਸ.) ਦੇ ਅੱਤਵਾਦੀ ਗਰੁੱਪ 'ਚ ਸ਼ਾਮਿਲ ਹੋਣ ਵਾਲੇ ਬ੍ਰਿਟਿਸ਼ ਨਾਗਰਿਕਾਂ 'ਤੇ ਨਿਗਰਾਨੀ ਰੱਖਦਾ ਹੈ। ਬਾਸੂ ਨੇ ਨਵੀਂ ਜ਼ਿੰਮੇਵਾਰੀ ਸਬੰਧੀ ਕਿਹਾ ਕਿ ਇਹ ਚੁਣੌਤੀ ਭਰਪੂਰ ਹੈ ਪਰ ਮੈਂ ਇਸ ਨੂੰ ਸਵੀਕਾਰ ਕਰਦਾ ਹਾਂ ਅਤੇ ਮੈਂ ਇਸ ਨੂੰ ਪੂਰੀ ਯੋਗਤਾ ਤੇ ਤਨਦੇਹੀ ਨਾਲ ਨਿਭਾਵਾਂਗਾ।