ਪਟਿਆਲਾ: ਕੁਝ ਲੋਕ ਇੰਨੇ ਅਣਖੀਲੇ ਹੁੰਦੇ ਹਨ ਜੋ ਮਿਹਨਤ ਨਾਲ ਕਾਮਯਾਬ ਹੋਣ ਤੋਂ ਇਲਾਵਾ ਕਿਸੇ ਹੋਰ ਰਸਤੇ 'ਤੇ ਤੁਰਨਾ ਹੀ ਨਹੀਂ ਚਾਹੁੰਦੇ। ਅੱਜ ਮਹਿਲਾ ਦਿਵਸ 'ਤੇ ਤੁਹਾਨੂੰ ਦੱਸਦੇ ਹਾਂ ਅਜਿਹੀਆਂ ਹੀ ਦੋ ਔਰਤਾਂ ਬਾਰੇ ਜਿਨ੍ਹਾਂ ਮਰਦ ਪ੍ਰਧਾਨ ਦੀ ਰਿਵਾਇਤ ਤੋੜਦਿਆਂ ਅਜਿਹੇ ਕਿੱਤੇ ਨੂੰ ਚੁਣਿਆ ਜਿੱਥੇ ਔਰਤਾਂ ਦਾ ਹੋਣਾ ਅਤਿਕਥਨੀ ਹੀ ਸਮਝਿਆ ਜਾਂਦਾ ਰਿਹਾ ਹੈ।
ਪਿੰਕੀ ਤੇ ਸ਼ਾਲੂ ਦੋਵੇਂ ਆਟੋ ਚਲਾਉਂਦੀਆਂ ਹਨ। ਔਰਤ ਹੋਣ ਦੇ ਬਾਵਜੂਦ ਡਰਾਈਵਿੰਗ ਕਰਨ ਨੂੰ ਚੁਣਨਾ ਤੇ ਈ-ਰਿਕਸ਼ਾ ਚਲਾ ਕੇ ਵਾਤਾਵਰਨ ਨੂੰ ਸੁਰੱਖਿਅਤ ਰੱਖਣਾ ਦੋਵੇਂ ਹੀ ਸ਼ਲਾਘਾਯੋਗ ਹਨ। ਬੇਸ਼ਕ ਪਿੰਕੀ ਪਟਿਆਲਾ ਦੀ ਪਹਿਲੀ ਆਟੋ ਚਾਲਕ ਬਣੀ, ਪਰ ਉਸ ਦਾ ਸੰਘਰਸ਼ ਵੀ ਲੰਬਾ ਹੈ। ਚਾਰ ਬੱਚਿਆਂ ਦੀ ਮਾਂ ਪਿੰਕੀ ਦੇ ਇੱਕ ਪੁੱਤਰ ਤੇ ਤਿੰਨ ਧੀਆਂ ਹਨ, ਜਿਨ੍ਹਾਂ ਨੂੰ ਉਹ ਪੁੱਤਾਂ ਤੋਂ ਘੱਟ ਨਹੀਂ ਸਮਝਦੀ। ਸ਼ਾਲੂ ਘਰੇਲੂ ਮਜਬੂਰੀ ਤੇ ਬਜ਼ੁਰਗ ਤੇ ਬਿਮਾਰ ਮਾਪਿਆਂ ਦਾ ਸਹਾਰਾ ਬਣੀ ਹੈ।
ਸ਼ਾਲੂ ਪੰਜਾਬੀ ਯੂਨੀਵਰਸਿਟੀ ਵਿੱਚ ਆਟੋ ਚਲਾਉਂਦੀ ਹੈ ਤੇ ਪਿੰਕੀ ਪਟਿਆਲਾ ਸ਼ਹਿਰ ਵਿੱਚ ਵੀ ਆਪਣਾ ਈ-ਰਿਕਸ਼ਾ ਚਲਾਉਂਦੀ ਹੈ। ਪਿੰਕੀ ਨੇ 'ਏ.ਬੀ.ਪੀ. ਸਾਂਝਾ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਪਤੀ ਮਜ਼ਦੂਰੀ ਕਰਦਾ ਹੈ ਪਰ ਚਾਰ ਬੱਚਿਆਂ ਨਾਲ ਘਰ ਚਲਾਉਣਾ ਵੀ ਔਖਾ ਸੀ। ਇਸ ਲਈ ਉਸ ਨੇ ਬੱਚਿਆਂ ਦੇ ਚੰਗੇ ਭਵਿੱਖ ਲਈ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦਾ ਫੈਸਲਾ ਕੀਤਾ।
ਪਿੰਕੀ ਨੇ ਦੱਸਿਆ ਕਿ ਉਹ 15 ਕੁ ਹਜ਼ਾਰ ਰੁਪਏ ਮਹੀਨਾ ਕਮਾ ਲੈਂਦੀ ਹੈ ਤੇ ਆਪਣੇ ਪੈਰੀਂ ਖਲੋਣ ਤੋਂ ਬਾਅਦ ਅੱਜ ਉਸ ਦੇ ਬੱਚੇ ਚੰਗੇ ਸਕੂਲ ਵਿੱਚ ਪੜ੍ਹ ਰਹੇ ਹਨ। ਆਟੋ ਚਾਲਕ ਬਣਨ ਲਈ ਪਿੰਕੀ ਨੂੰ ਕਾਫੀ ਸੰਗਰਸ਼ ਕਰਨਾ ਪਿਆ। ਉਸ ਨੇ ਦੱਸਿਆ ਕਿ ਮਰਦ ਪ੍ਰਧਾਨ ਆਟੋ ਚਾਲਕ ਤੇ ਯੂਨੀਅਨਾਂ ਅਕਸਰ ਧਮਕੀਆਂ ਦਿੰਦੀਆਂ ਹਨ ਪਰ ਪਿੰਕੀ ਇਸ ਸਭ ਦੀ ਪਰਵਾਹ ਕੀਤੇ ਬਿਨਾ ਉਹ ਆਪਣਾ ਕੰਮ ਕਰਦੀ ਹੈ। ਪਿੰਕੀ ਸਵੇਰੇ ਉੱਠ ਬੱਚਿਆਂ ਨੂੰ ਤਿਆਰ ਕਰ ਸਕੂਲ ਭੇਜਦੀ ਹੈ ਤੇ ਦੁਪਹਿਰ ਨੂੰ ਜਾ ਕੇ ਬੱਚਿਆ ਨੂੰ ਖਾਣਾ ਦੇ ਕੇ ਫਿਰ ਕੰਮ 'ਤੇ ਪਰਤ ਆਉਂਦੀ ਹੈ।
ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਵਿੱਚ ਆਪਣੇ ਬਿਮਾਰ ਤੇ ਬਜ਼ੁਰਗ ਮਾਤਾ-ਪਿਤਾ ਦਾ ਸਹਾਰਾ ਬਣੀ ਸ਼ਾਲੂ ਨੇ ਨਿੱਕੀ ਉਮਰ ਵਿੱਚ ਆਟੋ ਚਲਾਉਣ ਦਾ ਮਨ ਬਣਾ ਲਿਆ। ਉਸ ਨੇ 'ਏ.ਬੀ.ਪੀ. ਸਾਂਝਾ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਨੌਵੀਂ ਜਮਾਤ ਪਾਸ ਕੀਤੀ ਹੋਈ ਹੈ ਤੇ ਆਪਣੀ ਕਮਾਈ ਨਾਲ ਦਸਵੀਂ ਕਰ ਕੇ ਫਿਰ ਅੱਗੇ ਪੜ੍ਹਾਈ ਕਰੇਗੀ। ਸ਼ਾਲੂ ਨੇ ਦੱਸਿਆ ਕਿ ਉਸ ਦੇ ਮਾਪੇ ਮਜ਼ਦੂਰੀ ਕਰਦੇ ਸੀ ਪਰ ਉਮਰਦਰਾਜ ਹੋਣ ਕਾਰਨ ਉਹ ਕੰਮ ਕਰਨ ਤੋਂ ਅਸਮਰੱਥ ਹਨ। ਅੱਜ ਸ਼ਾਲੂ ਆਪਣੇ ਮਾਪਿਆਂ ਲਈ ਪੁੱਤਾਂ ਤੋਂ ਵਧਕੇ ਹੈ।
ਅਜਿਹੀਆਂ ਉਦਾਹਰਣਾਂ ਵੇਖ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਔਰਤ, ਮਰਦ ਤੋਂ ਕਿਸੇ ਵੀ ਪੱਖ ਤੋਂ ਘੱਟ ਨਹੀਂ। ਲੋੜ ਹੈ ਸਿਰਫ ਔਰਤਾਂ ਨੂੰ ਅੱਗੇ ਵਧਣ ਤੇ ਆਪਣੇ ਆਪ ਨੂੰ ਸਾਬਤ ਕਰਨ ਲਈ ਥੋੜ੍ਹੀ ਆਜ਼ਾਦੀ ਤੇ ਸਮਾਂ ਦੇਣ ਦੀ। ਇਨ੍ਹਾਂ ਮਿਹਨਤੀ ਔਰਤਾਂ ਨੂੰ ਏ.ਬੀ.ਪੀ. ਸਾਂਝਾ ਸਲਾਮ ਕਰਦਾ ਹੈ।